ਕਹਾਣੀ । ਉਡਾਣ | Short Story | Udaan

ਅੱਜ ਸਵੇਰੇ ਅੱਖ ਖੁੱਲ੍ਹੀ ਤਾਂ ਮੈਂ ਆਸਮਾਨ ਵਿਚ ਪੁੱਠਾ ਲਟਕਿਆ ਹੋਇਆ ਸਾਂ। ਹੇਠਾਂ ਦੂਰ-ਦੂਰ ਤੱਕ ਸਮੁੰਦਰ, ਕਿਤੇ ਵੀ ਸੁੱਕੀ ਧਰਤੀ ਨਜ਼ਰ ਨਹੀਂ ਸੀ ਆ ਰਹੀ। ਆਪਣੇ ਸਿਰ ਦੇ ਹੇਠਾਂ ਨਜ਼ਰ ਮਾਰੀ ਤਾਂ ਦੋ ਟਾਪੂ ਦਿਸੇ, ਜਿਨ੍ਹਾਂ ਦੇ ਵਿਚਕਾਰ ਮੈਂ ਲਟਕਿਆਂ ਹੋਇਆ ਸਾਂ। ਮੇਰੇ ਪੈਰਾਂ ਨੂੰ ਜਿਸ ਵੀ ਚੀਜ਼ ਨੇ ਜਕੜਿਆ ਹੋਇਆ ਸੀ, ਉਹ ਮੈਨੂੰ ਹੌਲੀ-ਹੌਲੀ ਖਿਸਕਦੀ ਮਹਿਸੂਸ ਹੋ ਰਹੀ ਸੀ। ਇੰਝ ਲੱਗ ਰਿਹਾ ਸੀ ਕਿ ਮੈਂ ਕਿਸੇ ਵੀ ਪਲ ਹੇਠਾਂ ਡੂੰਘੇ ਸਮੁੰਦਰ ਵਿਚ ਡੁੱਬ ਮਰਨਾ ਹੈ। ਸਮਝ ਨਹੀਂ ਸੀ ਆ ਰਹੀ ਕਿ ਇਹ ਮੇਰੇ ਨਾਲ ਹੋ ਕੀ ਰਿਹਾ ਹੈ। ਉਦੋਂ ਹੀ ਇਕ ਆਕਾਸ਼ਵਾਣੀ ਹੋਈ।

“ਧਰਤੀ ਖ਼ਤਮ ਹੋ ਚੁੱਕੀ ਹੈ। ਸਿਰਫ ਇਹ ਦੋ ਟਾਪੂ ਬਚੇ ਨੇ। ਦੁਨੀਆਂ ਦੇ ਬਚੇ ਹੋਏ ਲੋਕਾਂ ਨੂੰ ਇਨ੍ਹਾਂ ਵਿਚ ਵੰਡ ਕੇ ਵਸਾ ਦਿੱਤਾ ਗਿਆ ਹੈ। ਸੱਜੇ ਪਾਸੇ ਵਾਲੇ ਟਾਪੂ ਵਿਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ, ਦੂਜਿਆਂ ਬਾਰੇ ਫੈਸਲੇ ਸੁਣਾਉਣਾ ਹੀ ਜਿਨ੍ਹਾਂ ਦਾ ਸੁਭਾਅ ਹੈ। ਸਦੀਆਂ ਤੋਂ ਇਹੀ ਉਨ੍ਹਾਂ ਦੀ ਪਰੰਪਰਾ ਹੈ। ਇੱਥੇ ਉਹੀ ਫੈਸਲਾ ਕਰਨਗੇ ਕਿ ਤੁਸੀਂ ਕੌਣ ਹੋ? ਕੀ ਹੋ? ਕਿਉਂ ਹੋ? ਕੀ ਸੋਚ ਸਕਦੇ ਹੋ? ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ? ਤੁਹਾਨੂੰ ਕਿਵੇਂ ਅਤੇ ਕਿੱਥੇ ਰੱਖਿਆ ਜਾਣਾ ਹੈ? ਤੁਸੀਂ ਕਿਵੇਂ ਵਿਚਰਨਾ ਹੈ? ਹਰ ਇਕ ਚੀਜ਼ ਦਾ ਫੈਸਲਾ ਉਹੀ ਲੋਕ ਕਰਨਗੇ। ਤੁਸੀਂ ਕੁਝ ਨਹੀਂ ਕਹਿ ਸਕਦੇ। ਕੁਝ ਨਹੀਂ ਕਰ ਸਕਦੇ। ਜੋ ਉਨ੍ਹਾਂ ਦਾ ਫੈਸਲਾ ਹੋਵੇਗਾ, ਉਹੀ ਪਰਮ ਸੱਤ ਹੋਵੇਗਾ। ਜੋ ਉਨ੍ਹਾਂ ਦੀ ਹਰ ਗੱਲ ’ਤੇ ਫੁੱਲ ਚੜ੍ਹਾਉਂਦਾ ਰਹੇ, ਉਨ੍ਹਾਂ ਦੀ ਪਰੰਪਰਾ ਅਨੁਸਾਰ ਚੱਲਦਾ ਰਹੇ ਤਾਂ ਉਹ ਤੁਹਾਨੂੰ ਸਤਿਕਾਰ ਵੀ ਦੇਣਗੇ ਅਤੇ ਪਿਆਰ ਵੀ ਕਰਨਗੇ। ਜੇ ਕਦੇ ਕਿਸੇ ਨੇ ਉਨ੍ਹਾਂ ’ਤੇ ਕੋਈ ਸਵਾਲ ਚੁੱਕਿਆ, ਟੋਕਿਆ ਜਾਂ ਉਨ੍ਹਾਂ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਤਾਂ ਉਹ ਚੁੱਕ ਕੇ ਸਮੁੰਦਰ ਵਿਚ ਸੁੱਟ ਦੇਣਗੇ। ਇਹ ਸਭ ਕੁਝ ਉਨ੍ਹਾਂ ਦੇ ਨਿਯਮਾਂ ਦੀ ਇਕ ਕਿਤਾਬ ਵਿਚ ਦਰਜ ਹੈ, ਜਿਸ ਨੂੰ ਕੋਈ ਨਹੀਂ ਬਦਲ ਸਕਦਾ। ਉਹ ਆਪ ਵੀ ਨਹੀਂ। ਨਾ ਹੀ ਉਹ ਉਨ੍ਹਾਂ ਨਿਯਮਾਂ ਤੋਂ ਇੱਧਰ-ਉੱਧਰ ਉੱਨੀ-ਇੱਕੀ ਹੁੰਦੇ ਨੇ।”

ਮੈਂ ਬੁਰੀ ਤਰ੍ਹਾਂ ਡਰ ਗਿਆ। ਮੇਰਾ ਗਲਾ ਸੁੱਕ ਰਿਹਾ ਸੀ। ਪੈਰਾਂ ਵਿਚ ਦਰਦ ਹੋ ਰਿਹਾ ਸੀ। ਪੈਰਾਂ ਨੂੰ ਫੜਨ ਵਾਲੀ ਜਕੜ ਢਿੱਲੀ ਹੋ ਕੇ ਖਿਸਕ ਰਹੀ ਸੀ। ਪੂਰੇ ਸ਼ਰੀਰ ਦਾ ਖ਼ੂਨ ਸਿਰ ਵਿਚ ਇਕੱਠਾ ਹੋ ਰਿਹਾ ਸੀ। ਇੰਝ ਲੱਗ ਰਿਹਾ ਸੀ ਕਿ ਦਿਮਾਗ਼ ਦੀਆਂ ਨਾੜਾਂ ਹੁਣੇ ਫੱਟ ਜਾਣਗੀਆਂ। ਆਕਾਸ਼ਵਾਣੀ ਜਾਰੀ ਸੀ।

“ਜਿਹੜਾ ਟਾਪੂ ਤੇਰੇ ਖੱਬੇ ਪਾਸੇ ਹੈ, ਉੱਥੇ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਹੈ, ਜੋ ਅੰਦਰੋਂ ਅੰਦਰੀਂ ਸਭ ਨੂੰ ਨਫ਼ਰਤ ਕਰਦੇ ਨੇ, ਪਰ ਉਹ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ। ਹਮੇਸ਼ਾ ਮੁਸਕਰਾਉਂਦੇ ਰਹਿੰਦੇ ਨੇ। ਤੁਸੀਂ ਜੋ ਮਰਜ਼ੀ ਕਰੋ, ਮਸਤ ਰਹੋ। ਤੁਹਾਨੂੰ ਕੋਈ ਰੋਕਦਾ, ਟੋਕਦਾ ਨਹੀਂ। ਤੁਹਾਡੇ ਮੂੰਹ ’ਤੇ ਤੁਹਾਡੀ ਕੋਈ ਬੁਰਾਈ ਨਹੀਂ ਕਰਦਾ। ਤੁਸੀਂ ਇੱਥੇ ਮੌਜ ਨਾਲ ਰਹੋ, ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਕਿ ਤੁਸੀਂ ਕਿੱਥੇ ਹੋ, ਕੀ ਕਰ ਰਹੇ ਹੋ। ਤੁਸੀਂ ਉਨ੍ਹਾਂ ਦੀ ਭੀੜ ਵਿਚ ਰਹਿ ਕੇ ਵੀ ਇਕੱਲੇ ਰਹੋਗੇ। ਸਤਿਕਾਰ ਜਾਂ ਪਿਆਰ ਤਾਂ ਦੂਰ ਦੀ ਗੱਲ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਨਗੇ।”

ਮੇਰੇ ਚਿੱਤ ਨੂੰ ਥੋੜ੍ਹਾ ਜਿਹਾ ਟਿਕਾਅ ਆਇਆ। ਮੈਂ ਸੋਚਿਆ ਕਠਪੁਤਲੀ ਬਣ ਕੇ ਜਿਉਂਣ ਨਾਲੋਂ ਤਾਂ ਇਕਲਾਪੇ ਦੀ ਜ਼ਿੰਦਗੀ ਜਿਉਂਣਾ ਜ਼ਿਆਦਾ ਠੀਕ ਹੈ। ਮੈਂ ਹਾਲੇ ਸੋਚ ਹੀ ਰਿਹਾ ਸਾਂ ਕਿ ਮੈਨੂੰ ਜਕੜਣ ਵਾਲੀ ਚੀਜ਼ ਨੇ ਜ਼ੋਰਦਾਰ ਝਟਕਾ ਖਾਧਾ ਅਤੇ ਮੈਨੂੰ ਮੇਰੇ ਮਨ ਚਿਤਵੇ ਟਾਪੂ ਵੱਲ ਲੈ ਗਈ। ਪਤਾ ਨਹੀਂ ਉਸ ਨੂੰ ਮੇਰੇ ਜ਼ਹਿਨ ਵਿਚ ਚੱਲ ਰਹੇ ਵਿਚਾਰਾਂ ਦਾ ਪਤਾ ਕਿਵੇਂ ਲੱਗ ਗਿਆ। ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਜਕੜ ਨੇ ਮੈਨੂੰ ਆਜ਼ਾਦ ਕਰ ਦਿੱਤਾ। ਮੈਂ ਤੇਜ਼ੀ ਨਾਲ ਆਸਮਾਨ ਤੋਂ ਉਸ ਇਕਲਾਪੇ ਵਾਲੇ ਟਾਪੂ ਵੱਲ ਡਿੱਗ ਰਿਹਾ ਸਾਂ। ਆਕਾਸ਼ਵਾਣੀ ਫਿਰ ਹੋਈ।

“ਤੂੰ ਆਪਣਾ ਫੈਸਲਾ ਕਰ ਲਿਆ। ਇਕ ਗੱਲ ਚੇਤੇ ਰੱਖੀਂ ਇਹ ਫੈਸਲਾ ਕਦੇ ਬਦਲਿਆ ਨਹੀਂ ਜਾ ਸਕਦਾ। ਜਿਉਂ ਹੀ ਤੇਰੇ ਪੈਰ ਇਸ ਟਾਪੂ ਨੂੰ ਛੋਹਣਗੇ। ਦੂਜਾ ਟਾਪੂ ਆਪਣੇ ਆਪ ਸਮੁੰਦਰ ਵਿਚ ਅਲੋਪ ਹੋ ਜਾਵੇਗਾ। ਬਾਕੀ ਦੀ ਸਾਰੀ ਜ਼ਿੰਦਗੀ ਇਸੇ ਟਾਪੂ ’ਤੇ ਕੱਟਣੀ ਹੋਵੇਗੀ।”

ਆਕਾਸ਼ਵਾਣੀ ਮੁਕਦਿਆਂ ਹੀ ਮੈਂ ਧੜਾਮ ਕਰਕੇ ਇਕਲਾਪੇ ਦੇ ਟਾਪੂ ’ਤੇ ਡਿੱਗ ਪਿਆ। ਜਿਉਂ ਹੀ ਮੈਂ ਆਪਣੇ ਪੈਰਾਂ ’ਤੇ ਖੜ੍ਹਾ ਹੋਇਆ, ਮੇਰੇ ਦੇਖਦਿਆਂ ਹੀ ਦੇਖਦਿਆਂ ਸਾਹਮਣੇ ਵਾਲਾ ਟਾਪੂ ਪਾਣੀ ਵਿਚ ਖ਼ੁਰ ਗਿਆ। ਉੱਥੇ ਰਹਿੰਦੇ ਲੋਕਾਂ ਦਾ ਕੀ ਬਣਿਆ ਮੈਨੂੰ ਪਤਾ ਨਹੀਂ ਲੱਗਿਆ। ਮੈਂ ਚਾਰੇ ਪਾਸੇ ਨਜ਼ਰ ਘੁਮਾਈ, ਦੂਰ-ਦੂਰ ਤੱਕ ਮੈਨੂੰ ਕੋਈ ਨਜ਼ਰ ਨਾ ਆਇਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਮੈਂ ਕੀ ਕਰਾਂ। ਮੈਂ ਟਾਪੂ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਚੱਕਰ ਲਾ ਕੇ ਸਭ ਕੁਝ ਦੇਖਣ ਦਾ ਫੈਸਲਾ ਕੀਤਾ।
ਦਿਨ ਚੜ੍ਹ ਆਇਆ। ਸੂਰਜ ਸਿਰ ’ਤੇ ਆ ਗਿਆ। ਦੋਹੀਂ ਪਾਸੀਂ ਖੜੇ ਛਾਂ-ਦਾਰ ਰੁੱਖਾਂ ’ਚੋਂ ਲੰਘਦੀ ਹਵਾ ਪਿੰਡੇ ਨੂੰ ਠਾਰ ਕੇ ਅਗਾਂਹ ਲੰਘ ਜਾਂਦੀ। ਇਹ ਹਵਾ ਜਦੋਂ ਨੱਕ ਵਿਚ ਦਾਖਲ ਹੋਈ ਤਾਂ ਸੈਂਕੜਾਂ ਫੁੱਲਾਂ ਦੀ ਸੁਗੰਧੀ ਸਾਹਾਂ ਵਿਚ ਘੁਲ਼ ਗਈ। ਰੁੱਖਾਂ ਦੀਆਂ ਟਾਹਣੀਆਂ ਉੱਪਰ ਨੂੰ ਜਾ ਕੇ ਆਪਸ ਵਿਚ ਇੰਝ ਮਿਲ ਰਹੀਆਂ ਸਨ, ਜਿਵੇਂ ਚਿਰਾਂ ਤੋਂ ਵਿੱਛੜੇ ਪ੍ਰੇਮੀ ਇਕ ਦੂਜੇ ਨੂੰ ਧਾਹ ਕੇ ਮਿਲੇ ਹੋਣ। ਇਕ ਦੂਜੇ ਨਾਲ ਲਿਪਟ ਗਏ ਹੋਣ। ਆਹਮੋ-ਸਾਹਮਣੇ ਦੇ ਰੁੱਖਾਂ ਦੀਆਂ ਲਿਪਟੀਆਂ ਹੋਈਆਂ ਟਹਿਣੀਆਂ ਦੀਆਂ ਛੱਤਰੀਆਂ ਬਣ ਗਈਆਂ ਸਨ। ਹਾਲੇ ਪਿੰਡਾ ਠੰਢੀ ਛਾਂ ਅਤੇ ਸਾਹ ਫੁੱਲਾਂ ਦੀ ਖ਼ੁਸ਼ਬੂ ਵਿਚ ਨਹਾ ਹੀ ਰਹੇ ਸਨ ਕਿ ਮੈਨੂੰ ਆਪਣੇ ਪੈਰ ਭਾਰੇ-ਭਾਰੇ ਜਾਪਣ ਲੱਗੇ। ਸ਼ਰੀਰ ਨਿਢਾਲ ਜਿਹਾ ਮਹਿਸੂਸ ਹੋਣ ਲੱਗਾ। ਰਮਣੀਕ ਮਾਹੌਲ ਦਾ ਆਨੰਦ ਮਾਣਦਿਆਂ ਕੁਝ ਪਲਾਂ ਲਈ ਭੁੱਖ ਵਿੱਸਰ ਹੀ ਗਈ ਸੀ, ਪਰ ਹੁਣ ਉਸ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਛਾਂਦਾਰ ਰੁੱਖਾਂ ਦੇ ਪਰਲੇ ਪਾਸੇ ਫਲਾਂ ਦੇ ਬਾਗ਼ ਨਜ਼ਰ ਆਏ। ਦੂਰੋਂ ਹੀ ਫਲਾਂ ਦੇ ਲਾਲ, ਹਰੇ, ਪੀਲੇ ਅਤੇ ਸੰਤਰੀ ਰੰਗ ਦੇਖ ਕੇ ਭੁੱਖ ਹੋਰ ਵੀ ਚਮਕ ਗਈ। ਪੱਥਰਾਂ ਵਰਗੇ ਭਾਰੇ ਹੋ ਗਏ ਪੈਰਾਂ ਵਿਚ ਵੀ ਜਿਵੇਂ ਕਰੰਟ ਦੌੜ ਗਿਆ। ਇਕ ਪਲ ਬਾਅਦ ਹੀ ਮੈਂ ਉਸ ਬਾਗ਼ ਦੇ ਵਿਚਕਾਰ ਪਹੁੰਚ ਗਿਆ। ਹਰ ਫਲ ਆਪਣੇ ਵੱਲ ਖਿੱਚ ਰਿਹਾ ਸੀ। ਉਸ ਨੂੰ ਚੱਖ ਲੈਣ ਦਾ ਸੱਦਾ ਦੇ ਰਿਹਾ ਸੀ। ਮੇਰੇ ਹੱਥ ਬੇਮੁਹਾਰੇ ਹੋ ਕੇ ਅੱਡ-ਅੱਡ ਰੁੱਖਾਂ ਤੋਂ ਰੰਗ-ਬਿਰੰਗੇ ਫਲ ਤੋੜਨ ਲੱਗੇ। ਫਟਾਫਟ ਇਕ ਛੋਟੀ ਜਿਹੀ ਢੇਰੀ ਲੱਗ ਗਈ। ਢੇਰੀ ਦੇ ਸਾਹਮਣੇ ਬਹਿ ਕੇ ਮੈਂ ਫਲਾਂ ਨੂੰ ਇਕ ਡੂੰਘੀ ਨਜ਼ਰ ਨਾਲ ਤੱਕਿਆ। ਪਹਿਲਾਂ ਕਦੇ ਦੇਖੇ ਨਹੀਂ ਸਨ ਅਜਿਹੇ ਫਲ, ਅਜੀਬ ਜਿਹੇ ਆਕਾਰ ਦੇ ਫਲ। ਚੌਰਸ, ਤਿਕੋਣੇ, ਅੱਠਕੋਣੇ ਅਤੇ ਰੰਗ ਇੰਨੇ ਗੂੜ੍ਹੇ ਕਿ ਜਿਵੇਂ ਕੁਦਰਤ ਨੇ ਸਾਰੇ ਰੰਗ ਨਿਚੋੜ ਕੇ ਇਨ੍ਹਾਂ ਵਿਚ ਭਰ ਦਿੱਤੇ ਹੋਣ। ਮਨ ਵਿਚੋਂ ਆਵਾਜ਼ ਆਈ ਅੰਦਰੋਂ ਵੀ ਇੰਨੇ ਹੀ ਰਸੀਲੇ ਹੋਣਗੇ ਇਹ, ਖਾ ਲੈ। ਮੈਂ ਇਕ ਚੌਰਸ ਫਲ ਚੁੱਕਿਆ ਅਤੇ ਉਸ ਵਿਚ ਦੰਦ ਖੋਭ ਦਿੱਤੇ। ਬਹੁਤ ਹੀ ਨਰਮ ਅਤੇ ਗੁੱਦੇਦਾਰ ਫਲ ਸੀ। ਪਰ ਇਹ ਕੀ? ਨਾ ਕੋਈ ਸਵਾਦ, ਨਾ ਕੋਈ ਰਸ। ਅੱਧ-ਖਾਧੇ ਫਲ ਨੂੰ ਪਰਾਂ ਰੱਖਿਆ ਅਤੇ ਤਿਕੋਣਾ ਫਲ ਚੁੱਕਿਆ, ਬਹੁਤ ਹੀ ਕੂਲਾ। ਜਿਉਂ ਹੀ ਇਸ ਵਿਚ ਦੰਦ ਖੁੱਭਿਆ ਇਹ ਮੂੰਹ ਵਿਚ ਘੁਲ਼ ਗਿਆ, ਪਰ ਫਿਰ ਉਹੀ ਗੱਲ ਕੋਈ ਸਵਾਦ ਨਹੀਂ, ਕੋਈ ਰਸ ਨਹੀਂ। ਇਕ-ਇਕ ਕਰ ਕੇ ਮੈਂ ਦਰਜਨਾਂ ਫਲ ਖਾ ਲਏ, ਸਾਰਿਆਂ ਦੇ ਸੋਹਣੇ ਰੰਗਾਂ ਅਤੇ ਆਕਾਰਾਂ ਦੇ ਬਾਵਜੂਦ ਸਭ ਅੰਦਰੋਂ ਸਵਾਦਹੀਣ, ਰਸਹੀਣ, ਇੰਨਾ ਹੀ ਨਹੀਂ ਦਰਜਨ ਫਲ ਖਾਣ ਤੋਂ ਬਾਅਦ ਵੀ ਭੁੱਖ ਓਵੇਂ ਦੀ ਓਵੇਂ, ਕੋਈ ਤ੍ਰਿਪਤੀ ਨਹੀਂ। ਬਲਕਿ ਇੰਝ ਲੱਗ ਰਿਹਾ ਸੀ ਜਿਵੇਂ ਭੁੱਖ ਹੋਰ ਵੱਧ ਗਈ ਹੋਵੇ।

ਹਾਲੇ ਮੈਂ ਇਨ੍ਹਾਂ ਫਲਾਂ ਦੇ ਰਹੱਸ ਨੂੰ ਸਮਝ ਨਹੀਂ ਸੀ ਸਕਿਆ ਕਿ ਮੇਰੇ ਕੰਨਾਂ ਵਿਚ ਕਲ-ਕਲ ਵਗਦੇ ਪਾਣੀ ਦੀ ਆਵਾਜ਼ ਪਈ। ਇਹ ਆਵਾਜ਼ ਬਹੁਤ ਨੇੜਿਓਂ ਆਉਂਦੀ ਲੱਗ ਰਹੀ ਸੀ। ਮੇਰੇ ਕਦਮ ਆਪਣੇ ਆਪ ਆਵਾਜ਼ ਦੀ ਦਿਸ਼ਾ ਵੱਲ ਤੁਰ ਪਏ। ਸੰਘਣੇ ਰੁੱਖਾਂ ਵਿਚੋਂ ਤੇਜ਼ੀ ਨਾਲ ਤੁਰਦਿਆਂ ਮੇਰੇ ਕਦਮ ਮੈਨੂੰ ਉਸ ਥਾਂ ਲੈ ਆਏ ਜਿੱਥੇ ਪੱਥਰਾਂ ਦੀ ਇਕ ਘਾਟੀ ਸੀ। ਘਾਟੀ ਕਾਹਦੀ, ਇੰਝ ਲੱਗਦਾ ਸੀ ਜਿਵੇਂ ਕਿਸੇ ਜ਼ਹੀਨ ਕਲਾਕਾਰ ਨੇ ਸਹੀ ਆਕਾਰ ਦੇ ਪੱਥਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਬੜੀ ਖ਼ੂਬਸੂਰਤੀ ਨਾਲ ਇਕ ਕਤਾਰ ਵਿਚ ਅਤੇ ਫਿਰ ਇਕ ਦੂਜੇ ਦੇ ਉੱਤੇ ਚਿਣ ਦਿੱਤਾ ਹੋਵੇ। ਘਾਟੀ ਦੇ ਇਕ ਪਾਸੇ ਪੱਥਰਾਂ ਨੂੰ ਚੀਰ ਕੇ ਪਾਣੀ ਦੀ ਮੋਟੀ ਧਾਰ ਹੇਠਾਂ ਡਿੱਗ ਰਹੀ ਸੀ। ਇਕ ਦਮ ਪਾਣੀ ਨੂੰ ਵਹਿੰਦੇ ਦੇਖ ਕੇ ਕਿਸੇ ਖੂੰਜੇ ਵਿਚ ਸੁੱਤੀ ਪਈ ਪਿਆਸ ਜਾਗ ਪਈ। ਜ਼ਹਿਨ ਨਾਲੋਂ ਪਹਿਲਾਂ ਮੇਰੇ ਪੈਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ। ਪਤਾ ਵੀ ਨਾ ਲੱਗਿਆ ਕਦੋਂ ਮੇਰਾ ਪਿੰਡਾ ਝਰਨੇ ਦੀ ਧਾਰ ਦੇ ਹੇਠਾਂ ਪਹੁੰਚ ਗਿਆ। ਹੱਥ ਦਾ ਬੁੱਕ ਆਪ ਮੁਹਾਰੇ ਬੁੱਲ੍ਹਾਂ ਨਾਲ ਲੱਗ ਗਏ ਅਤੇ ਪਾਣੀ ਉਸ ਵਿਚ ਭਰ-ਭਰ ਕੇ ਮੇਰੇ ਅੰਦਰ ਜਾਣ ਲੱਗਾ। ਪਰ ਇਹ ਕੀ? ਇਹ ਕਿਸ ਤਰ੍ਹਾਂ ਦਾ ਪਾਣੀ ਹੈ, ਕੋਈ ਸਵਾਦ ਹੀ ਨਹੀਂ। ਜਿੰਨਾ ਮਰਜ਼ੀ ਪੀਵੀਂ ਜਾਵਾਂ ਪਿਆਸ ਬੁੱਝਦੀ ਹੀ ਨਹੀਂ। ਸੋਚਦਾਂ-ਸੋਚਦਾਂ ਝਰਨੇ ਦੀ ਧਾਰ ਹੇਠੋਂ ਨਿਕਲ ਕੇ ਇਕ ਪਾਸੇ ਬਹਿ ਗਿਆ। ਹੈਰਾਨੀ ਦੀ ਕੋਈ ਹੱਦ ਨਾ ਰਹੀ। ਐਨੀ ਦੇਰ ਝਰਨੇ ਦੀ ਧਾਰ ਦੇ ਹੇਠਾਂ ਖੜ੍ਹੇ ਰਹਿਣ ਤੋਂ ਬਾਅਦ ਵੀ ਬਿਲਕੁਲ ਅਭਿੱਜ, ਨਾ ਕਪੜੇ ਗਿੱਲੇ ਹੋਏ ਅਤੇ ਨਾ ਹੀ ਪਿੰਡਾ। ਕਿਹੋ ਜਿਹਾ ਟਾਪੂ ਹੈ ਇਹ ਜਿੱਥੇ ਚੀਜ਼ਾਂ ਤਾਂ ਹਨ, ਪਰ ਉਨ੍ਹਾਂ ਵਿੱਚ ਸੱਤ ਹੀ ਨਹੀਂ, ਤ੍ਰਿਪਤੀ ਹੀ ਨਹੀਂ।

ਸੋਚਦਿਆਂ-ਸੋਚਦਿਆਂ ਹਨੇਰਾ ਹੋ ਗਿਆ। ਮੈਂ ਬਹੁਤ ਥੱਕ ਗਿਆ। ਕੁਝ ਦੇਰ ਦਮ ਲੈਣ ਲਈ ਇਕ ਚੱਟਾਨ ਨਾਲ ਟੇਕ ਲਾ ਲਈ। ਬੱਦਲ ਐਨੇ ਨੀਵੇਂ ਲਹਿ ਆਏ ਸਨ ਕਿ ਮੈਂ ਉਨ੍ਹਾਂ ਵਿਚ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਿਹਾ ਸਾਂ। ਅਚਾਨਕ ਪਤਾ ਨਹੀਂ ਕੀ ਹੋਇਆ ਕਿ ਮੈਂ ਉੱਠ ਕੇ ਦੌੜ ਪਿਆ।

ਮੈਨੂੰ ਅਹਿਸਾਸ ਹੋਇਆ ਕਿ ਮੈਂ ਪਾਣੀ ਅੰਦਰ ਚਲੇ ਗਏ ਉਸ ਟਾਪੂ ਉੱਤੇ ਆ ਗਿਆ ਹਾਂ, ਜਿਸ ਨੂੰ ਮੈਂ ਨਕਾਰ ਦਿੱਤਾ ਸੀ। ਇੱਥੇ ਰੁੱਖ ਤਾਂ ਖੜ੍ਹੇ ਸਨ, ਪਰ ਧੂੰਆਂਖੇ ਹੋਏ, ਕੋਈ ਪੱਤਾ ਨਹੀਂ, ਕੋਈ ਫਲ-ਫੁੱਲ ਨਹੀਂ। ਇੰਝ ਲੱਗ ਰਿਹਾ ਸੀ ਜਿਵੇਂ ਜੰਗਲ ਦੀ ਭਿਆਨਕ ਅੱਗ ਨੇ ਇਨ੍ਹਾਂ ਨੂੰ ਸਾੜ ਦਿੱਤਾ ਹੋਵੇ। ਆਲੇ-ਦੁਆਲੇ ਲੋਕ ‘ਕੱਲੇ-’ਕੱਲੇ ਬੈਠੇ ਪਿੱਟ-ਸਿਆਪਾ ਜਿਹਾ ਕਰੀ ਜਾਣ। ਸਾਰੇ ਭਰੇ-ਪੀਤੇ ਜਿਹੇ ਜਾਪਦੇ ਸਨ। ਹਰ ਕੋਈ ਆਪਣੇ-ਆਪ ਨਾਲ ਹੀ ਖਿੱਝਿਆ-ਖਿੱਝਿਆ ਲੱਗਾ। ਹਰ ਕੋਈ ਇਕੱਲਾ ਹੀ ਪਤਾ ਨਹੀਂ ਕੀ-ਕੀ ਬੋਲੀ ਜਾ ਰਿਹੈ, ਕਲਪੀ ਜਾ ਰਿਹੈ। ਆਪਣੇ-ਆਪ ’ਤੇ ਹੀ ਗੁੱਸਾ ਕੱਢੀ ਜਾ ਰਹੇ ਨੇ। ਇਕ ਸਿਰੇ ਤੋਂ ਦੂਜੇ ਸਿਰੇ ਤੱਕ ਦੇਖਦਿਆਂ ਮੇਰੀ ਨਜ਼ਰ ਪਰਲੇ ਪਾਸੇ ਬਣੀ ਇਕ ਸੰਗਮਰਮਰ ਦੀ ਮੂਰਤ ’ਤੇ ਪਈ। ਮੈਂ ਸੋਚਿਆ ਇੰਨੇ ਕੁਰਖਤ ਮਾਹੌਲ ਵਿਚ ਇੰਨੀ ਸੋਹਣੀ ਕਲਾ ਦਾ ਮੁਜੱਸਮਾਂ ਕਿਸ ਨੇ ਸਿਰਜਿਆ ਹੋਵੇਗਾ। ਉਹ ਮੂਰਤ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ। ਮੇਰੇ ਕਦਮ ਆਪਣੇ ਆਪ ਉਸ ਵੱਲ ਤੁਰ ਪਏ।

ਕੁਝ ਕਦਮ ਅੱਗੇ ਵਧਿਆ ਤਾਂ ਦੇਖਿਆ ਉਹ ਕੋਈ ਮੂਰਤ ਨਹੀਂ ਬਲਕਿ ਇਕ ਜਿਊਂਦੀ ਜਾਗਦੀ ਪਰੀ ਸੀ। ਉਸ ਦੇ ਅੰਗ ਨਿੱਖਰੀ ਹੋਈ ਰੂੰ ਦੇ, ਹੋਠਾਂ ਉੱਤੇ ਕੁਦਰਤੀ ਸੁਰਖ਼ ਲਾਲੀ, ਵਾਲ ਘਟਾਵਾਂ ਤੋਂ ਵੀ ਕਾਲੇ ਅਤੇ ਉਨ੍ਹਾਂ ਚੋਂ ਨਿਕਲ ਰਹੀ ਰੇਸ਼ਮ ਦੇ ਧਾਗਿਆਂ ਜਿਹੀ ਸੁਨਹਿਰੀ ਚਮਕ। ਨੀਲੀਆਂ ਅੱਖਾਂ ਨੀਲੇ ਸਮੁੰਦਰ ਤੋਂ ਵੀ ਡੂੰਘੀਆਂ। ਉਸ ਦਾ ਸਫ਼ੈਦ ਮਖ਼ਮਲੀ ਲਿਬਾਸ ਉਸ ਦੇ ਸੰਗਮਰਮਰ ਦੀ ਮੂਰਤ ਹੋਣ ਦਾ ਭੁਲੇਖਾ ਪਾ ਰਿਹਾ ਸੀ। ਪਿੱਠ ਉੱਤੇ ਲਿਬਾਸ ਵਿਚੋਂ ਨਿਕਲੇ ਕੋਮਲ ਪਰ ਸਮੇਟ ਕੇ ਉਸ ਨੇ ਆਪਣੇ ਪਿੰਡੇ ਨਾਲ ਲਾਏ ਹੋਏ ਸਨ। ਮਨ ਵਿਚ ਸਵਾਲ ਉੱਠਿਆ, ਜ਼ਾਲਮ ਇਨਸਾਨਾਂ ਦੇ ਇਸ ਟਾਪੂ ਉੱਤੇ ਇਹ ਨਾਜ਼ੁਕ ਪਰੀ? ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਆਲੇ-ਦੁਆਲੇ ਖਿੱਝਦੇ, ਕਲਪਦੇ ਲੋਕਾਂ ਦੇ ਵਿਚਕਾਰ ਉਹ ਇਕ ਦਮ ਸ਼ਾਂਤ ਚਿੱਤ ਅਤੇ ਅਡੋਲ ਬੈਠੀ। ਬਿਲਕੁਲ ਨਿਰਲੇਪ। ਮੇਰੇ ਕਦਮ ਬੇਰੋਕ ਉਸ ਵੱਲ ਜਾ ਰਹੇ ਸਨ। ਅਜਨਬੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਉਹ ਭੋਰਾ ਨਾ ਘਬਰਾਈ, ਬਲਕਿ ਆਤਮ-ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਉਸ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਟੋਹਿਆ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਤਾਂ ਉਸ ਦੇ ਸੁਰਖ਼ ਹੋਠਾਂ ’ਤੇ ਹਲਕੀ ਜਿਹੀ ਮੁਸਕਾਨ ਆ ਗਈ, ਜਿਵੇਂ ਮੇਰਾ ਸੁਆਗਤ ਕਰ ਰਹੀ ਹੋਵੇ। ਉਸ ਦੇ ਚਿਹਰੇ ਦਾ ਜਲੌਅ ਦੇਖ ਕੇ ਅੰਦਰੋਂ ਮੈਂ ਘਬਰਾ ਰਿਹਾ ਸਾਂ, ਜਦੋਂ ਮੈਂ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਆਪਣੇ ਸਾਹਮਣੇ ਬੈਠਣ ਦਾ ਇਸ਼ਾਰਾ ਕੀਤਾ। ਉਸ ਦੀਆਂ ਨੀਲੀਆਂ ਅੱਖਾਂ ਦੇ ਜਾਦੂ ਵਿਚ ਬੱਝਿਆ ਮੈਂ ਇਸ਼ਾਰੇ ਵਾਲੀ ਥਾਂ ਉੱਤੇ ਬੈਠ ਗਿਆ। ਉਸ ਨੇ ਇੱਥੇ ਆਉਣ ਬਾਰੇ ਪੁੱਛਿਆ ਤਾਂ ਮੈਂ ਪੂਰੀ ਵਿੱਥਿਆ ਸੁਣਾ ਦਿੱਤੀ। ਮੈਂ ਉਸ ਨੂੰ ਦੱਸਿਆ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਸਭ ਕੁਝ ਮੇਰੇ ਨਾਲ ਕੀ ਹੋ ਰਿਹਾ ਹੈ। ਮੇਰੇ ਮੱਥੇ ਉੱਤੇ ਉਭਰ ਆਈਆਂ ਲਕੀਰਾਂ ਜਿਵੇਂ ਉਸ ਤੋਂ ਇਸ ਸਵਾਲ ਦਾ ਜਵਾਬ ਮੰਗ ਰਹੀਆਂ ਹੋਣ। ਪਰ ਉਹ ਕੁਝ ਨਾ ਬੋਲੀ, ਬੱਸ ਮੁਸਕੁਰਾ ਪਈ। ਉਸ ਦੀ ਰਹੱਸਮਈ ਮੁਸਕਾਨ ਮੇਰੇ ਤੋਂ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਪੁੱਛਦੀ ਰਹੀ। ਅੱਧੀ ਰਾਤ ਤੱਕ ਮੈਂ ਬੋਲਦਾ ਰਿਹਾ, ਉਹ ਟਿਕਟਿਕੀ ਲਾ ਕੇ ਮੇਰੀਆਂ ਗੱਲਾਂ ਸੁਣਦੀ ਰਹੀ। ਜਿਉਂ-ਜਿਉਂ ਮੈਂ ਆਪਣੇ ਜ਼ਿੰਦਗੀ ਦੇ ਸੰਘਰਸ਼ਾਂ ਦੀ ਦਾਸਤਾਨ ਉਸ ਨੂੰ ਸੁਣਾ ਰਿਹਾ ਸਾਂ, ਤਿਉਂ-ਤਿਉਂ ਉਸ ਦੀਆਂ ਅੱਖਾਂ ਵਿਚ ਚਮਕ ਵੱਧਦੀ ਜਾ ਰਹੀ ਸੀ। ਲਗਾਤਾਰ ਬੋਲਦਿਆਂ ਮੇਰਾ ਗਲਾ ਸੁੱਕ ਗਿਆ ਸੀ। ਮੈਨੂੰ ਪਿਆਸ ਲੱਗ ਰਹੀ ਸੀ। ਮੈਨੂੰ ਇਸ ਗੱਲ ਦੀ ਵੀ ਚਿੰਤਾ ਸਤਾ ਰਹੀ ਸੀ ਕਿ ਪਤਾ ਨਹੀਂ ਕਿਵੇਂ ਗਲਤੀ ਨਾਲ ਮੈਂ ਇਸ ਟਾਪੂ ’ਤੇ ਆ ਗਿਆ ਹਾਂ, ਮੈਨੂੰ ਛੇਤੀ ਹੀ ਆਪਣੇ ਟਾਪੂ ’ਤੇ ਮੁੜ ਜਾਣਾ ਚਾਹੀਦਾ ਹੈ, ਵਰਨਾ ਪਤਾ ਨਹੀਂ ਕੀ ਭਾਣਾ ਵਾਪਰ ਜਾਵੇ। ਜਿਉਂ ਹੀ ਮੈਂ ਉੱਠਣ ਲੱਗਿਆ ਉਸ ਨੇ ਆਪਣੇ ਮਖ਼ਮਲੀ ਹੱਥ ਨਾਲ ਮੇਰਾ ਹੱਥ ਫੜ ਕੇ ਮੈਨੂੰ ਫਿਰ ਬਿਠਾ ਲਿਆ। ਪਾਣੀ ਦਾ ਇਕ ਗੜਵੀ ਵਰਗਾ ਪਾਤਰ ਮੇਰੇ ਮੂਹਰੇ ਲਿਆ ਧਰਿਆ। ਇਕ ਫਲਾਂ ਦੀ ਟੋਕਰੀ ਸਾਹਮਣੇ ਰੱਖ ਦਿੱਤੀ। ਇਹ ਕੀ? ਇਹ ਤਾਂ ਉਹੀ ਫਲ ਨੇ, ਤਿਕੋਣੇ, ਚੌਰਸ, ਅੱਠਕੋਣੇ। ਉੇਸ ਨੇ ਮੇਰੀਆਂ ਅੱਖਾਂ ਵਿਚ ਉਤਰ ਆਈ ਹੈਰਾਨੀ ਪੜ੍ਹ ਲਈ। ਉਸ ਦੇ ਦੋਵੇਂ ਜੁੜੇ ਹੋਏ ਸੁਰਖ ਬੁੱਲ੍ਹ ਬੜੀ ਸਹਿਜਤਾ ਨਾਲ ਖੁੱਲ੍ਹੇ ਅਤੇ ਬੋਲੀ- “ਘਬਰਾਓ ਨਾ। ਇਹ ਇੱਥੋਂ ਦੇ ਫਲ ਨੇ ਬਹੁਤ ਸੁਆਦੀ ਅਤੇ ਰਸੀਲੇ। ਮੈਨੂੰ ਪਤਾ ਹੈ ਤੁਹਾਨੂੰ ਯਕੀਨ ਨਹੀਂ ਹੋ ਰਿਹਾ। ਮੈਂ ਦਿਖਾਉਂਦੀ ਹਾਂ ਤੁਹਾਨੂੰ, ਆਹ ਦੇਖੋ!”
ਕਹਿ ਕਿ ਉਸ ਨੇ ਇਕ ਚੌਰਸ ਫਲ ਚੁੱਕਿਆ ਅਤੇ ਆਪਣੇ ਹੋਠਾਂ ਤੱਕ ਲੈ ਗਈ। ਉਸ ਨੇ ਆਪਣੇ ਮੋਤੀਆਂ ਵਰਗੇ ਚਿੱਟੇ ਦੰਦ ਇਸ ਤਰ੍ਹਾਂ ਹੌਲੀ-ਹੌਲੀ ਫਲ ਵਿਚ ਖੋਭੇ, ਜਿਵੇਂ ਫਲ ਨੂੰ ਦਰਦ ਹੋਣ ਤੋਂ ਡਰ ਰਹੀ ਹੋਵੇ। ਇੱਕ ਵੱਡਾ ਚੱਕ ਮਾਰ ਕੇ ਖਾਣ ਤੋਂ ਬਾਅਦ ਉਸ ਨੇ ਖਾਧਾ ਹੋਇਆ ਫਲ ਮੇਰੇ ਵੱਲ ਵਧਾ ਦਿੱਤਾ ਅਤੇ ਖਿੜਖਿੜਾ ਕੇ ਹੱਸਦਿਆਂ ਬੋਲੀ- “ਦੇਖ ਲਓ ਮੈਂ ਤੁਹਾਡੇ ਸਾਹਮਣੇ ਖਾਧਾ ਏ। ਬੜਾ ਰਸੀਲਾ, ਮਿੱਠਾ ਅਤੇ ਸਵਾਦੀ। ਲਓ ਤੁਸੀਂ ਖਾ ਕੇ ਦੇਖੋ।”

ਕਹਿ ਕੇ ਉਹ ਫਿਰ ਜ਼ੋਰ ਦੀ ਹੱਸ ਪਈ। ਮੇਰੇ ਵੱਲ ਵਧੇ ਹੋਏ ਉਸ ਦੇ ਹੱਥ ਵਿਚੋਂ ਮੈਂ ਫਲ ਫੜ੍ਹ ਲਿਆ। ਖਾਧੇ ਹੋਏ ਹਿੱਸੇ ’ਤੇ ਉਸ ਦੇ ਦੰਦਾਂ ਦੇ ਨਿਸ਼ਾਨਾਂ ਦੇ ਦੁਆਲੇ ਉਸ ਦੇ ਹੋਠਾਂ ਦੀ ਲਾਲੀ ਨੇ ਫਲ ਉੱਤੇ ਉਸ ਦੇ ਹੋਠਾਂ ਦੀ ਤਸਵੀਰ ਬਣਾ ਦਿੱਤੀ ਸੀ। ਝਿਝਕਦਿਆਂ ਮੈਂ ਫਲ ਖਾਧਾ ਤਾਂ ਸੱਚਮੁਚ ਇਹ ਰਸੀਲਾ, ਮਿੱਠਾ ਅਤੇ ਸਵਾਦ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸ਼ਾਇਦ ਆਲੌਕਿਕ ਪਰੀ ਦੇ ਹੋਠਾਂ ਨੇ ਇਸ ਵਿਚ ਰਸ, ਸਵਾਦ ਅਤੇ ਮਿਠਾਸ ਭਰ ਦਿੱਤੀ ਸੀ। ਅੱਧਾ ਫਲ ਖਾ ਕੇ ਹੀ ਅਸੀਮ ਤ੍ਰਿਪਤੀ ਮਹਿਸੂਸ ਹੋ ਰਹੀ ਰਹੀ ਸੀ। ਬਾਕੀ ਦਾ ਬਚਿਆ ਹੋਇਆ ਅੱਧਾ ਟੁਕੜਾ ਉਸ ਨੇ ਮੇਰੇ ਹੱਥੋਂ ਲਿਆ ਅਤੇ ਆਪਣੇ ਮੂੰਹ ਵਿਚ ਪਾ ਲਿਆ। ਉਸ ਦੇ ਚਿਹਰੇ ’ਤੇ ਇਕ ਤ੍ਰਿਪਤੀ ਭਰੀ ਮੁਸਕਾਨ ਫੈਲ ਗਈ। ਫਿਰ ਉਸ ਨੇ ਆਪਣੇ ਹੱਥ ਦੀ ਬੁੱਕ ਬਣਾ ਕੇ ਮੇਰੇ ਹੋਠਾਂ ਨਾਲ ਲਾ ਦਿੱਤੀ। ਦੂਸਰੇ ਹੱਥ ਨਾਲ ਉਸ ਨੇ ਪਾਣੀ ਵਾਲਾ ਪਾਤਰ ਚੁੱਕਿਆ ਅਤੇ ਹੌਲੀ-ਹੌਲੀ ਉਸ ਵਿਚ ਪਾਣੀ ਪਾਉਣ ਲੱਗੀ। ਜਿਉਂ ਹੀ ਪਾਣੀ ਦੀਆਂ ਕੁਝ ਬੂੰਦਾਂ ਮੇਰੀ ਜੀਭ ਨੂੰ ਛੋਹ ਕੇ ਮੇਰੇ ਪੇਟ ਵਿਚ ਪਹੁੰਚੀਆਂ ਤਾਂ ਆਤਮਾ ਤ੍ਰਿਪਤ ਹੁੰਦੀ ਮਹਿਸੂਸ ਹੋਈ।

ਮੇਰੀ ਭੁੱਖ ਅਤੇ ਪਿਆਸ ਤ੍ਰਿਪਤ ਕਰਨ ਤੋਂ ਬਾਅਦ ਉਹ ਉੱਠ ਖੜ੍ਹੀ ਹੋਈ। ਆਪਣੇ ਸੱਜੇ ਹੱਥ ਨਾਲ ਮੇਰਾ ਸੱਜਾ ਹੱਥ ਫੜ ਕੇ ਉਸ ਨੇ ਮੈਨੂੰ ਉਠਾ ਲਿਆ। ਮੈਂ ਉੱਠਿਆ ਤਾਂ ਹੱਥ ਫੜ ਕੇ ਉਹ ਅੱਗੇ ਤੁਰ ਪਈ। ਉਸ ਦੇ ਛੋਹ ਦੇ ਅਹਿਸਾਸ ਵਿਚ ਬੱਝਾ ਮੈਂ ਉਸ ਦੇ ਪਿੱਛੇ-ਪਿੱਛੇ ਤੁਰਦਾ ਗਿਆ। ਆਪਣੇ ਕਦਮਾਂ ਨੂੰ ਰੋਕਣ ਦਾ ਖ਼ਿਆਲ ਵੀ ਨਾ ਆਇਆ। ਉਜਾੜ ਬੀਆਬਾਨ ਜੰਗਲ ਵਿਚੋਂ ਲੰਘਦੇ ਹੋਏ ਅਸੀਂ ਇਕ ਪਹਾੜ ਦੇ ਪੈਰਾਂ ਕੋਲ ਆ ਗਏ। ਉਹ ਮੇਰਾ ਹੱਥ ਫੜੀ ਹਾਲੇ ਵੀ ਤੁਰੀ ਜਾ ਰਹੀ ਸੀ। ਇਕ ਥਾਂ ’ਤੇ ਜਾ ਕੇ ਉਹ ਰੁਕੀ, ਜਿੱਥੇ ਪਹਾੜ ਤੋਂ ਪਾਣੀ ਦਾ ਝਰਨਾ ਹੇਠਾਂ ਵੱਲ ਵਹਿ ਰਿਹਾ ਸੀ। ਹੱਥ ਫੜ ਕੇ ਉਹ ਮੈਨੂੰ ਪਾਣੀ ਦੀ ਧਾਰ ਹੇਠਾਂ ਲੈ ਗਈ। ਪਾਣੀ ਦੀ ਧਾਰ ਬਹੁਤ ਤਿੱਖੀ ਅਤੇ ਤੇਜ਼ ਸੀ। ਉਸ ਦੇ ਵੇਗ ਅੱਗੇ ਜ਼ਿਆਦਾ ਦੇਰ ਖੜ੍ਹਾ ਹੋਣਾ ਔਖਾ ਸੀ। ਮੈਂ ਇਕ ਦਮ ਪਹਾੜ ਚੋਂ ਉਭਰੇ ਇਕ ਪੱਥਰ ਨੂੰ ਦੋਹਾਂ ਹੱਥਾਂ ਨਾਲ ਫੜ ਲਿਆ। ਉਸ ਦਾ ਹੱਥ ਛੁੱਟ ਗਿਆ। ਉਹ ਦੋ ਤਿੰਨ ਚੱਟਾਨਾ ’ਤੇ ਪੈਰ ਧਰ ਕੇ ਉੱਪਰ ਚੜ੍ਹ ਗਈ। ਉੱਪਰ ਇਕ ਪਾਸੇ ਨਜ਼ਰ ਆ ਰਹੀ ਇਕ ਚੱਟਾਨ ’ਤੇ ਉਹ ਬੈਠ ਗਈ। ਪਹਾੜੀ ਝਰਨੇ ਦੀ ਚੌੜੀ ਅਤੇ ਤਿੱਖੀ ਧਾਰ ਉਸ ਨੂੰ ਭਿਓਂ ਕੇ ਹੇਠਾਂ ਸਿੱਧੀ ਮੇਰੇ ਉੱਤੇ ਡਿੱਗ ਰਹੀ ਸੀ। ਇਸ ਝਰਨੇ ਦਾ ਪਾਣੀ ਸਾਨੂੰ ਭਿਓਂ ਵੀ ਰਿਹਾ ਸੀ ਅਤੇ ਸਕੂਨ ਵੀ ਦੇ ਰਿਹਾ ਸੀ। ਮੈ ਕੱਪੜਿਆਂ ਸਮੇਤ ਧੁਰ ਅੰਦਰ ਤੱਕ ਤਰਬਤਰ ਹੋ ਗਿਆਂ ਸਾਂ। ਕੀ ਉਸ ਦੀ ਛੋਹ ਨੇ ਪਾਣੀ ਵਿਚ ਵੀ ਜਾਨ ਪਾ ਦਿੱਤੀ ਸੀ? ਮੈਂ ਸੋਚਾਂ ਵਿਚ ਘਿਰਿਆਂ ਹੋਇਆਂ ਸਾਂ ਅਤੇ ਉਸ ਦੀਆਂ ਸੁਪਨੀਲੀਆਂ ਨੀਲੀਆਂ ਅੱਖਾਂ ਲਗਾਤਾਰ ਮੇਰੀਆਂ ਨਜ਼ਰਾਂ ਉੱਤੇ ਟਿਕੀਆਂ ਹੋਈਆਂ ਸਨ। ਇਸੇ ਤਰ੍ਹਾਂ ਦੇਖਦਿਆਂ ਉਸ ਨੇ ਉੱਪਰੋਂ ਹੀ ਪੁੱਛਿਆ, “ਤੁਸੀਂ ਕਦੇ ਮੁਹੱਬਤ ਕੀਤੀ ਏ।”
“ਕੋਸ਼ਿਸ਼ ਤਾਂ ਬਹੁਤ ਕੀਤੀ ਏ, ਪਰ ਕਰ ਨਹੀਂ ਸਕਿਆ”, ਮੈਂ ਕੰਬਦੇ ਬੁੱਲਾਂ ਨਾਲ ਜਵਾਬ ਦਿੱਤਾ।
ਉਸ ਨੇ ਬਿਨਾਂ ਨਜ਼ਰਾਂ ਹਟਾਉਂਦਿਆਂ ਪੁੱਛਿਆ, “ਮੈਨੂੰ ਮੁਹੱਬਤ ਕਰੋਂਗੇ?”
ਮੈਨੂੰ ਸਮਝ ਨਹੀਂ ਸੀ ਆ ਰਹੀ ਕੀ ਕਰਾਂ। ਇਕਲਾਪੇ, ਨਫ਼ਰਤ ਅਤੇ ਬੰਦਸ਼ਾਂ ਵਾਲੇ ਦੋ ਟਾਪੂਆਂ ਵਿਚ ਘਿਰਿਆ ਮੈਂ ਸੁੰਨ ਜਿਹਾ ਹੋਇਆ ਪਿਆ ਸਾਂ। ਕੁਝ ਦੇਰ ਪਹਿਲਾਂ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਆਖ਼ਰੀ ਸਾਹ ਲੈ ਰਿਹਾ ਹਾਂ। ਹੁਣ ਉਸ ਦੀਆਂ ਆਸ ਭਰੀਆਂ ਅੱਖਾਂ ਵਿਚੋਂ ਮੈਨੂੰ ਇਕ ਨਵੀਂ ਜ਼ਿੰਦਗੀ ਨਜ਼ਰ ਆ ਰਹੀ ਸੀ। ਉਸ ਦੀ ਛੋਹ ਨਾਲ ਫਲਾਂ, ਪਾਣੀ ਅਤੇ ਝਰਨੇ ਨੇ ਮੈਨੂੰ ਨਵੀਂ ਜ਼ਿੰਦਗੀ ਦਾ ਅਹਿਸਾਸ ਕਰਵਾਇਆ ਸੀ। ਮੈਂ ਝਿਜਕਦਿਆਂ ਜਵਾਬ ਦਿੱਤਾ, “ਕੋਸ਼ਿਸ਼ ਕਰਾਂਗਾ।”
ਉਸ ਨੇ ਦ੍ਰਿੜ ਇਰਾਦੇ ਨਾਲ ਪੁੱਛਿਆ, “ਕੋਸ਼ਿਸ਼ ਜਾਂ ਮੁਹੱਬਤ?”
ਉਸ ਦੇ ਆਤਮ-ਵਿਸ਼ਵਾਸ ਨੇ ਮੇਰੇ ਅੰਦਰ ਜਿਉਣ ਦੀ ਇਕ ਨਵੀਂ ਤਰੰਗ ਭਰ ਦਿੱਤੀ। ਪੂਰੀ ਦ੍ਰਿੜਤਾ ਨਾਲ ਮੈਂ ਜਵਾਬ ਦਿੱਤਾ, “ਮੁਹੱਬਤ ਕਰਾਂਗਾ।”

ਉਸ ਦੇ ਚਿਹਰੇ ’ਤੇ ਇਕ ਦੈਵੀ ਖੁਸ਼ੀ ਫੈਲ ਗਈ। ਉਹ ਤੇਜ਼ੀ ਨਾਲ ਚੱਟਾਨ ਤੋਂ ਹੇਠਾਂ ਉੱਤਰੀ ਅਤੇ ਮੇਰੇ ਕੋਲ ਆਈ, ਮੇਰਾ ਹੱਥ ਆਪਣੇ ਹੱਥ ਵਿਚ ਘੁੱਟਿਆ ਅਤੇ ਮੇਰੀਆਂ ਅੱਖਾਂ ਵਿਚੋਂ ਕੁਝ ਲੱਭਣ ਲੱਗੀ। ਅਚਾਨਕ ਪਤਾ ਨਹੀਂ ਕੀ ਹੋਇਆ ਸ਼ਰਮਾ ਕੇ ਪਰਾਂ ਚਲੀ ਗਈ। ਇਕ ਪਲ਼ ਮੈਨੂੰ ਲੱਗਿਆ ਕਿ ਉਹ ਖੁਸ਼ੀ ਨਾਲ ਆਪਣੇ ਖੰਭ ਫੈਲਾਏਗੀ ਅਤੇ ਮੇਰਾ ਹੱਥ ਫੜ ਕੇ ਮੈਨੂੰ ਉੱਡਾ ਕੇ ਅੰਬਰਾਂ ’ਚ ਲੈ ਜਾਵੇਗੀ। ਉਸ ਦੀ ਖੁਸ਼ੀ ਦੇਖ ਕੇ ਮੈਨੂੰ ਵੀ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਵੀ ਪਰ ਨਿਕਲ ਆਏ ਹੋਣ ਅਤੇ ਅਸੀਂ ਦੋਵੇਂ ਇਕ ਦੂਜੇ ਦਾ ਹੱਥ ਫੜੀ ਉੱਡਦੇ ਹੋਏ ਆਕਾਸ਼ ਵਿਚ ਤਾਰੀਆਂ ਲਾ ਰਹੀਏ ਹੋਈਏ। ਇਨ੍ਹਾਂ ਖ਼ਿਆਲਾਂ ਵਿਚ ਤੈਰਦਾ ਮੈਂ ਉਸ ਕੋਲ ਗਿਆ। ਉਸ ਨੇ ਨਜ਼ਰਾਂ ਭਰ ਕੇ ਮੇਰੇ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਭੱਜ ਗਈ, ਜਿੱਧਰੋਂ ਅਸੀਂ ਆਏ ਸਾਂ। ਮੈਂ ਵੀ ਉਸ ਦੇ ਪਿੱਛੇ ਭੱਜ ਪਿਆ। ਅਸੀਂ ਉਸੇ ਜਗ੍ਹਾ ’ਤੇ ਪੁੱਜ ਗਏ, ਜਿੱਥੋਂ ਅਸੀਂ ਉੱਠ ਕੇ ਗਏ ਸਾਂ। ਸਾਨੂੰ ਦੋਹਾਂ ਨੂੰ ਸਾਹ ਚੜ੍ਹ ਗਿਆ ਸੀ। ਦੋਵਾਂ ਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ। ਸ਼ਾਇਦ ਉਸ ਨੇ ਮੇਰੇ ਚਿਹਰੇ ਤੋਂ ਮੇਰੇ ਮਨ ਦੀ ਉੱਡਣ ਵਾਲੀ ਗੱਲ ਬੁੱਝ ਲਈ ਪਹਿਲਾਂ ਤਾਂ ਉਸ ਦੇ ਚਿਹਰੇ ’ਤੇ ਇਕ ਮੁਸਕਾਨ ਖਿੜੀ, ਚਾਣਚੱਕ ਉਸ ਦਾ ਹੱਸਦਾ ਖਿੜਖਿੜਾਉਂਦਾ ਚਿਹਰਾ ਉਦਾਸ ਹੋ ਗਿਆ। ਉਸ ਨੇ ਗੱਲ ਤੋਰੀ, “ਮੈਂ ਇਸ ਟਾਪੂ ’ਤੇ ਇਕਲੌਤੀ ਪਰੀ ਹਾਂ। ਪਰੀਲੋਕ ਵਿਚ ਮੈਂ ਵੀ ਤੇਰੇ ਵਾਂਗ ਬਾਗ਼ੀ ਸਾਂ। ਬੇਮਤਲਬ ਦੇ ਥੋਪੇ ਹੋਏ ਨਿਯਮਾਂ ਤੋਂ ਬਾਗ਼ੀ। ਮੈਂ ਖੁੱਲ੍ਹੇ ਆਸਮਾਨ ਵਿਚ ਉੱਡਣਾ ਲੋਚਦੀ ਸਾਂ। ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਓਣ ਦੇ ਸੁਪਨੇ ਦੇਖਦੀ ਸਾਂ। ਇਹ ਸਭ ਪਰੀਲੋਕ ਦੇ ਪੈਰੋਕਾਰਾਂ ਨੂੰ ਮਨਜ਼ੂਰ ਨਹੀਂ ਸੀ। ਮੈਂ ਉਨ੍ਹਾਂ ਦੀ ਗੱਲ ਸੁਣਦੀ ਹੀ ਨਹੀਂ ਸਾਂ। ਗੁੱਸੇ ਹੋ ਕੇ ਉਨ੍ਹਾਂ ਮੈਨੂੰ ਪਰੀ ਲੋਕ ਵਿਚੋਂ ਕੱਢ ਕੇ ਇੱਥੇ ਸੁੱਟ ਦਿੱਤਾ। ਇੱਥੇ ਮੈਂ ਪਰੀ ਤਾਂ ਹਾਂ, ਪਰ ਬੱਸ ਨਾਮ ਦੀ ਪਰੀ ਕਿਉਂਕਿ ਇਸ ਟਾਪੂ ਦੇ ਨਿਯਮਾਂ ਵਿਚ ਕਿਸੇ ਨੂੰ ਆਪਣੀ ਮਰਜ਼ੀ ਕਰਨ ਦੀ ਮਨਾਹੀ ਹੈ। ਸਾਲਾਂ ਤੋਂ ਮੈਂ ਕਦੇ ਆਪਣੇ ਖੰਭ ਖੋਲ੍ਹੇ ਵੀ ਨਹੀਂ। ਇੰਝ ਲੱਗਦਾ ਹੈ ਕਿ ਇਹ ਖੰਭ ਮੇਰੇ ਪਿੰਡੇ ਨਾਲ ਜੁੜੇ ਤਾਂ ਹੋਏ ਹਨ, ਪਰ ਇਨ੍ਹਾਂ ਵਿਚ ਜਾਨ ਹੈ ਹੀ ਨਹੀਂ। ਇਸ ਲਈ ਉੱਡਣਾ ਤਾਂ ਦੂਰ, ਇਸ ਟਾਪੂ ਵਿਚ ਆਪਣੀ ਮਰਜ਼ੀ ਨਾਲ ਇਕ ਕਦਮ ਤੁਰਨਾ ਵੀ ਮੁਸ਼ਕਲ ਹੈ। ਜੇ ਤੂੰ ਮੈਨੂੰ ਇਸ ਕਰਕੇ ਮੁਹੱਬਤ ਕਰਨ ਦੀ ਸੋਚ ਰਿਹਾ ਹੈਂ ਕਿ ਮੈਂ ਇਕ ਪਰੀ ਹਾਂ ਤਾਂ ਤੂੰ ਬੇਸ਼ਕ ਆਪਣਾ ਫੈਸਲਾ ਬਦਲ ਲੈ। ਮੈਂ ਉਹ ਪੰਛੀ ਹਾਂ ਜਿਸ ਦੇ ਪਰ ਕੁਤਰ ਦਿੱਤੇ ਗਏ ਹਨ।”

ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਇਕ ਹੱਥ ਨਾਲ ਇਕ ਨਵੀਂ ਜ਼ਿੰਦਗੀ ਦੇ ਕੇ ਦੂਸਰੇ ਹੱਥ ਨਾਲ ਖੋਹ ਕੇ ਲੈ ਜਾ ਰਹੀ ਹੈ। ਮੇਰਾ ਦਿਲ ਜਾਣਦੈ ਮੈਂ ਉਸ ਦੇ ਮਨ ਦੇ ਸੁੱਚੇ ਅਹਿਸਾਸ ਨੂੰ ਪਿਆਰ ਕੀਤਾ ਸੀ, ਉਸ ਦੀ ਆਤਮਾ ਨੂੰ ਮੁਹੱਬਤ ਕੀਤੀ ਸੀ, ਉਸ ਦੀਆਂ ਅੱਖਾਂ ਵਿਚ ਤੈਰਦੇ ਸੁਪਨਿਆਂ ਦੀ ਉਡਾਣ ਨੂੰ ਸੱਚ ਕਰਨਾ ਹੀ ਮੇਰੀ ਤਮੰਨਾ ਸੀ, ਇਹੀ ਮੇਰਾ ਇਸ਼ਕ ਸੀ। ਮੇਰਾ ਗੱਚ ਭਰ ਆਇਆ। ਭਰੇ ਹੋਏ ਮਨ ਨਾਲ ਮੈਂ ਜਵਾਬ ਦਿੱਤਾ, “ਮੁਹੱਬਤ ਰੰਗ-ਰੂਪ, ਜ਼ਾਤ-ਮਜ਼ਹਬ, ਵਰਗ-ਆਕਾਰ ਦੇਖ ਕੇ ਨਹੀਂ ਕੀਤੀ ਜਾਂਦੀ। ਇਹ ਹੋ ਜਾਵੇ ਤਾਂ ਬੱਸ ਹੋ ਜਾਂਦੀ ਹੈ। ਮੈਨੂੰ ਵੀ ਇੰਝ ਹੀ ਤੇਰੇ ਨਾਲ ਹੋ ਗਈ ਏ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ?”

ਉਸ ਨੇ ਘੁੱਟ ਕੇ ਮੈਨੂੰ ਕਲਾਵੇ ਵਿਚ ਲੈ ਲਿਆ। ਉਸ ਦੀ ਬੁੱਕਲ ਦੇ ਨਿੱਘ ਵਿਚ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤ੍ਰਿਪਤ ਇਨਸਾਨ ਮਹਿਸੂਸ ਕਰ ਰਿਹਾ ਸਾਂ। ਮੈਂ ਉਸ ਨੂੰ ਭਰੋਸਾ ਦਿੱਤਾ, “ਤੂੰ ਫ਼ਿਕਰ ਨਾ ਕਰ। ਤੂੰ ਪਰੀ ਹੈਂ। ਕੁਦਰਤ ਨੇ ਤੈਨੂੰ ਪਰ ਦਿੱਤੇ ਨੇ। ਉਡਾਣ ਬਖ਼ਸੀ ਹੈ। ਮੈਂ ਤੇਰਾ ਹੌਸਲਾ ਬਣਾਂਗਾ। ਤੂੰ ਕੋਸ਼ਿਸ਼ ਕਰੇਂਗੀ ਤਾਂ ਇਕ ਦਿਨ ਤੂੰ ਜ਼ਰੂਰ ਉੱਡ ਸਕੇਂਗੀ। ਆਪਣਾ ਹਰ ਸੁਪਨਾ ਸੱਚ ਕਰ ਸਕੇਂਗੀ।”

ਇਕ ਦੂਜੇ ਦੇ ਕਲਾਵੇ ਵਿਚ ਬੈਠੇ ਅਸੀਂ ਆਲੇ-ਦੁਆਲੇ ਦੀ ਦੁਨੀਆਂ ਨੂੰ ਬਿਲਕੁਲ ਭੁੱਲ ਹੀ ਗਏ ਸਾਂ। ਅਚਾਨਕ ਸਾਨੂੰ ਇਕ ਸ਼ੋਰ ਦੂਰੋਂ ਸਾਡੇ ਵੱਲ ਨੂੰ ਆਉਂਦਾ ਮਹਿਸੂਸ ਹੋਇਆ। ਉਹ ਘਬਰਾ ਗਈ। ਉਸ ਨੇ ਹੋਰ ਜ਼ਿਆਦਾ ਘੁੱਟ ਕੇ ਮੈਨੂੰ ਆਪਣੇ ਨਾਲ ਲਾ ਲਿਆ। ਹੌਲੀ-ਹੌਲੀ ਰੌਲਾ ਸਾਡੇ ਨੇੜੇ ਆਉਂਦਾ ਗਿਆ। ਟਾਪੂ ਦੇ ਵਾਸੀਆਂ ਨੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ। ਉਨ੍ਹਾਂ ਦੇ ਹੱਥਾਂ ਵਿਚ ਤੇਜ਼ ਹਥਿਆਰ ਤਲਵਾਰਾਂ, ਬਰਛੇ ਅਤੇ ਗੰਡਾਸੇ ਲਿਸ਼ਕ ਰਹੇ ਸਨ। ਅਸੀਂ ਇਸ ਤਰ੍ਹਾਂ ਮੁਹੱਬਤ ਕਰਕੇ ਉਨ੍ਹਾਂ ਦੇ ਟਾਪੂ ਦਾ ਨਿਯਮ ਤੋੜ ਦਿੱਤਾ ਸੀ। ਜਿਸ ਦੇ ਲਈ ਉਹ ਸਾਡਾ ਲਹੂ ਸਮੁੰਦਰ ਵਿਚ ਵਗਾਉਣ ਲਈ ਤਿਆਰ ਸਨ। ਮੈਂ ਅੰਦਰ ਤੱਕ ਕੰਬ ਗਿਆ। ਮੈਨੂੰ ਮੌਤ ਆਪਣੇ ਸਾਹਮਣੇ ਖੜੀ ਜਾਪੀ। ਪਰ ਇਸ ਤੋਂ ਪਹਿਲਾਂ ਕਿ ਉਹ ਭੀੜ ਕੁਝ ਕਰਦੀ, ਪਰੀ ਉਨ੍ਹਾਂ ਦੇ ਸਾਹਮਣੇ ਹਿੱਕ ਤਾਣ ਕੇ ਖਲੋ ਗਈ।

“ਇਸ ਨੂੰ ਮੈਂ ਸੱਦਿਆ ਹੈ। ਮੈਂ ਚੁਣਿਆ ਹੈ ਆਪਣੀ ਜ਼ਿੰਦਗੀ ਦਾ ਹਮਰਾਜ਼, ਆਪਣਾ ਹਮਸਫ਼ਰ। ਇਸ ਵਿਚ ਇਸ ਦਾ ਕੋਈ ਕਸੂਰ ਨਹੀਂ ਜੋ ਵੀ ਸਜ਼ਾ ਦੇਣੀ ਹੈ। ਮੈਨੂੰ ਦਿਓ। ਪਰ ਜੀਵਾਂਗੀ ਤਾਂ ਇਸ ਨਾਲ, ਮਰਾਂਗੀ ਤਾਂ ਇਸ ਦੇ ਲਈ।”
ਉਸ ਦਾ ਹੌਸਲਾ ਦੇਖ ਕੇ ਪਤਾ ਨਹੀਂ ਕਿੱਥੋਂ ਮੇਰੇ ਅੰਦਰ ਜਿਵੇਂ ਬਿਜਲੀ ਦੌੜ ਗਈ। ਮੈਂ ਚੀਕਿਆ, “ਨਹੀਂ, ਨਹੀਂ ਸਜ਼ਾ ਦਾ ਹੱਕਦਾਰ ਮੈਂ ਹਾਂ। ਤੁਹਾਡੇ ਟਾਪੂ ’ਤੇ ਆ ਕੇ ਤੁਹਾਡੇ ਮਾਹੌਲ ਵਿਚ ਖ਼ਲਲ ਮੈਂ ਪਾਇਆ ਹੈ। ਇਸ ਨਾਜ਼ੁਕ ਪਰੀ ਦਾ ਕੋਈ ਕਸੂਰ ਨਹੀਂ। ਇਸ ਨੂੰ ਕੁਝ ਨਾ ਕਹਿਣਾ, ਇਸ ਦੇ ਬਿਨਾਂ ਮੈਂ ਵੀ ਜੀਵਿਤ ਨਹੀਂ ਰਹਾਂਗਾ।”

ਉਸ ਭੀੜ ਵਿਚ ਖ਼ੁਸਰ-ਪੁਸਰ ਹੋਈ। ਇੰਝ ਲੱਗ ਰਿਹਾ ਸੀ ਕਿ ਉਹ ਸਾਡੇ ਨਾਲ ਕੀਤੇ ਜਾਣ ਵਾਲੇ ਸਲੂਕ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹੋਣ। ਫਿਰ ਇਕ ਦਮ ਸ਼ਾਂਤੀ ਪਸਰ ਗਈ। ਸ਼ਾਇਦ ਕੋਈ ਫੈਸਲਾ ਹੋ ਗਿਆ ਸੀ। ਦੋ ਜੱਲਾਦਾਂ ਵਰਗੇ ਬੰਦੇ ਸਾਡੇ ਕੋਲ ਆਏ। ਉਨ੍ਹਾਂ ਨੇ ਇਕ ਲੋਹੇ ਦੀ ਬੇੜੀ ਸਾਡੇ ਦੋਹਾਂ ਦੇ ਪੈਰਾਂ ਵਿਚ ਇਸ ਤਰ੍ਹਾਂ ਪਾ ਦਿੱਤੀ ਕਿ ਅਸੀਂ ਆਰਾਮ ਨਾਲ ਤੁਰ ਫਿਰ ਤਾਂ ਸਕਦੇ ਸਾਂ, ਪਰ ਨਾ ਦੌੜ ਸਕਦੇ ਸਾਂ ਅਤੇ ਨਾ ਹੀ ਇਕ ਦੂਜੇ ਤੋਂ ਅਲੱਗ ਹੋ ਸਕਦੇ ਸਾਂ। ਫਿਰ ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਲਿਜਾ ਕੇ ਟਾਪੂ ਦੇ ਸਭ ਤੋਂ ਸੁੰਨਸਾਨ ਖੂੰਜੇ ਵਿਚ ਛੱਡ ਦਿੱਤਾ ਅਤੇ ਇਕ ਦਾਇਰਾ ਮਿੱਥ ਦਿੱਤਾ ਜਿਸ ਵਿਚੋਂ ਅਸੀਂ ਬਾਹਰ ਨਹੀਂ ਸਾਂ ਜਾ ਸਕਦੇ।

ਇਨ੍ਹਾਂ ਨਵੇਂ ਹਾਲਾਤ ਵਿਚ ਮੈਂ ਹਾਲੇ ਆਪਣੇ-ਆਪ ਨੂੰ ਸੰਭਾਲ ਵੀ ਨਹੀਂ ਸਾਂ ਸਕਿਆ। ਪਰ ਪਰੀ ਦੇ ਚਿਹਰੇ ’ਤੇ ਜਿੱਤ ਦੀ ਚਮਕ ਲਿਸ਼ਕ ਰਹੀ ਸੀ। ਉਸ ਨੇ ਮੈਨੂੰ ਗੱਲਵੱਕੜੀ ਪਾਉਂਦਿਆ ਕਿਹਾ, “ਪਿਆਰੇ ਪ੍ਰੀਤਮ। ਸ਼ੁਕਰ ਹੈ ਉਨ੍ਹਾਂ ਸਾਡੀ ਜਾਨ ਬਖ਼ਸ਼ ਦਿੱਤੀ। ਕੀ ਹੋਇਆ ਜੇ ਸਾਡੇ ਪੈਰਾਂ ਵਿਚ ਬੇੜੀ ਪਾ ਦਿੱਤੀ। ਕੀ ਐਨਾ ਕਾਫ਼ੀ ਨਹੀਂ ਕਿ ਮੈਂ ਉਮਰ ਭਰ ਤੁਹਾਡੇ ਨਾਲ ਗੁਜ਼ਾਰ ਸਕਦੀ ਹਾਂ। ਇਹ ਬੇੜੀ ਸਾਡੀ ਸਜ਼ਾ ਨਹੀਂ, ਬਲਕਿ ਨਿਯਾਮਤ ਹੈ। ਇਹ ਹਮੇਸ਼ਾ ਸਾਨੂੰ ਇਕ ਦੂਜੇ ਨਾਲ ਜੋੜੀ ਰੱਖੇਗੀ।”

ਮੈਂ ਮਹਿਸੂਸ ਕੀਤਾ ਕਿ ਉਸ ਦੇ ਅੰਦਰ ਮੇਰੇ ਲਈ ਮੁਹੱਬਤ ਦੀ ਸ਼ਿੱਦਤ ਹੋਰ ਵੀ ਵੱਧ ਗਈ ਹੈ। ਇਸ ਲਈ ਉਸ ਨੇ ਇਸ ਬੰਧਨ ਨੂੰ ਵੀ ਸਵਿਕਾਰ ਕਰ ਲਿਆ ਹੈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਿਸ ਨੂੰ ਮੈਂ ਉੱਡਣ ਦਾ ਹੌਸਲਾ ਦੇ ਰਿਹਾ ਸਾਂ, ਹੁਣ ਮੈਂ ਆਪ ਉਸ ਦੇ ਨਾਲ ਇਕ ਬੇੜੀ ਵਿਚ ਜਕੜਿਆ ਗਿਆ ਹਾਂ। ਕੀ ਹੁਣ ਮੈਂ ਉਸ ਨੂੰ ਕਦੇ ਉੱਡਣ ਲਈ ਕਹਿ ਸਕਾਂਗਾਂ?

ਕਈ ਦਿਨ ਇਸ ਤਰ੍ਹਾਂ ਹੀ ਬੀਤ ਗਏ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਉੱਡਣ ਦੇ ਸੁਪਨੇ ਦੇਖਣ ਵਾਲੀ ਪਰੀ ਨੇ ਇਸ ਨਵੇਂ ਮਾਹੌਲ ਨੂੰ ਇੰਨੀ ਚੰਗੀ ਤਰ੍ਹਾਂ ਅਪਣਾ ਲਿਆ ਜਿਵੇਂ ਸਦੀਆਂ ਤੋਂ ਇਸੇ ਤਰ੍ਹਾਂ ਹੀ ਰਹਿ ਰਹੀਏ ਹੋਈਏ। ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਕਿ ਉਹ ਹਰ ਰੋਜ਼ ਸੁਪਨਿਆਂ ਦੀ, ਖੰਭਾਂ ਦੀ ਅਤੇ ਉਡਾਣ ਦੀ ਗੱਲ ਕਰਦੀ, ਪਰ ਜਦੋਂ ਅਸਲ ਵਿਚ ਉੱਡਣ ਦੀ ਗੱਲ ਆਉਂਦੀ ਤਾਂ ਉਹ ਨਾਰਾਜ਼ ਹੋ ਜਾਂਦੀ। ਸਾਰਾ ਦੋਸ਼ ਕਦੇ ਹਾਲਾਤ ਕਦੇ ਕਿਸਮਤ ਅਤੇ ਕਦੇ-ਕਦੇ ਤਾਂ ਆਪਣੀ ਮੁਹੱਬਤ ’ਤੇ ਪਾ ਦਿੰਦੀ। ਜਦ ਮੈਂ ਉਸ ਨੂੰ ਹਾਲਾਤ ਬਦਲਣ ਵਾਸਤੇ ਹਿੰਮਤ ਕਰਨ ਲਈ ਕਹਿੰਦਾ ਤਾਂ ਬੇਚੈਨ ਜਿਹੀ ਹੋ ਜਾਂਦੀ। ਬਹੁਤ ਕੋਸ਼ਿਸ਼ ਦੇ ਬਾਵਜੂਦ ਨਾ ਉਹ ਕੋਈ ਹੀਆ ਕਰਨ ਲਈ ਤਿਆਰ ਸੀ ਅਤੇ ਨਾ ਮੈਂ ਆਪਣੇ ਆਪ ਨੂੰ ਇਸ ਮਾਹੌਲ ਅਨੁਸਾਰ ਢਾਲਣ ਵਿਚ ਕਾਮਯਾਬ ਹੋ ਰਿਹਾ ਸਾਂ। ਇਹ ਗੱਲ ਉਸ ਨੂੰ ਹੋਰ ਵੀ ਜ਼ਿਆਦਾ ਖਿਝਾ ਦਿੰਦੀ। ਹੌਲੀ-ਹੌਲੀ ਉਸ ਨੇ ਮੈਨੂੰ ਇਸ ਮਾਹੌਲ ਨੂੰ ਅਪਣਾਉਣ ਲਈ ਸਮਝਾਉਣਾ ਸ਼ੁਰੂ ਕਰ ਦਿੱਤਾ। ਆਪਣੇ ਅੰਦਰ ਸਾਲਾਂ ਤੋਂ ਰਚੇ ਹੋਏ ਬੰਦਸ਼ਾਂ ਭਰੇ ਨਿਯਮ ਉਸ ਨੂੰ ਠੀਕ ਜਾਪਣ ਲੱਗੇ। ਉਹ ਮੈਨੂੰ ਸਮਝਾਉਂਦੀ ਕਿ ਮੈਨੂੰ ਵੀ ਬਦਲ ਜਾਣਾ ਚਾਹੀਦਾ ਹੈ। ਮੈਂ ਉਸ ਨੂੰ ਰੋਜ਼ ਸਮਝਾਉਂਦਾ ਕਿ ਮੈਂ ਉਸ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਮੁਹੱਬਤ ਕਰਦਾ ਹਾਂ ਅਤੇ ਆਪਣੀ ਜ਼ਿੰਦਗੀ ਉਸ ਦੇ ਨਾਮ ਕਰ ਚੁੱਕਾ ਹਾਂ। ਪਰ ਇਸ ਤਰ੍ਹਾਂ ਜ਼ਿੰਦਗੀ ਜਿਉਣਾ ਮੈਨੂੰ ਹਰਗਿਜ਼ ਗਵਾਰਾ ਨਹੀਂ। ਮੈਂ ਚਾਹੁੰਦਾ ਹਾਂ ਕਿ ਅਸੀਂ ਇੱਕਠੇ ਜ਼ਿੰਦਗੀ ਜੀਵੀਏ, ਪਰ ਆਪਣੀ ਮਰਜ਼ੀ ਨਾਲ, ਆਪਣੇ ਹਿਸਾਬ ਨਾਲ, ਆਪਣੇ ਸੁਪਨਿਆਂ ਵਾਲੀ ਜ਼ਿੰਦਗੀ ਨਾ ਕਿ ਇਨ੍ਹਾਂ ਦੇ ਹੁਕਮ-ਚਲਾਊ ਨਿਜ਼ਾਮ ਅਨੁਸਾਰ।

ਉਹ ਮੇਰੀਆਂ ਇਨ੍ਹਾਂ ਗੱਲਾਂ ਨੂੰ ਬੇਵਕੂਫੀ ਕਹਿਣ ਲੱਗ ਪਈ। ਇੱਥੋਂ ਤੱਕ ਕਿ ਮੇਰੇ ਰਹਿਣ-ਸਹਿਣ, ਬੋਲਣ, ਚੱਲਣ ਅਤੇ ਸੋਚਣ ਤੱਕ ਦੇ ਢੰਗ ਨੂੰ ਨਕਾਰਣ ਲੱਗ ਪਈ। ਉਹ ਮੈਨੂੰ ਸਭ ਕੁਝ ਉਸ ਟਾਪੂ ਦੇ ਨਿਯਮਾਂ ਅਨੁਸਾਰ ਬਦਲਣ ਦੀ ਜ਼ਿੱਦ ਕਰਨ ਲੱਗੀ। ਮੈਂ ਸਮਝ ਗਿਆ ਸਾਂ ਕਿ ਇਸ ਟਾਪੂ ਦੇ ਜਿਸ ਮਾਹੌਲ ਵਿਚ ਉਸ ਨੇ ਆਪਣੀ ਜ਼ਿੰਦਗੀ ਬਿਤਾਈ ਹੈ, ਉਸ ਟਾਪੂ ਦਾ ਸੁਭਾਅ ਉਸ ਦੇ ਸੁਭਾਅ ਵਿਚ ਰਚ ਗਿਆ ਹੈ। ਉਹ ਨਵੀਂ ਉਡਾਣ ਭਰਨ ਦੇ ਸੁਪਨੇ ਤਾਂ ਦੇਖਦੀ ਹੈ, ਪਰ ਆਪਣੇ ਬੰਧਨਾਂ ਤੋਂ ਆਪ ਮੁਕਤ ਹੋਣ ਬਾਰੇ ਸੋਚ ਵੀ ਨਹੀਂ ਸਕਦੀ ਅਤੇ ਇਨ੍ਹਾਂ ਬੰਧਨਾਂ ਨੂੰ ਤੋੜੇ ਬਿਨਾਂ ਉਹ ਉਡਾਣ ਨਹੀਂ ਭਰ ਸਕਦੀ।

ਇਨ੍ਹਾਂ ਗੱਲਾਂ ਕਰਕੇ ਆਪਸ ਵਿਚ ਤਕਰਾਰ ਹੋਣ ਲੱਗੀ, ਤਲਖ਼ੀ ਵੱਧਦੀ ਗਈ। ਉੁਹ ਪਰੀ ਮੇਰੇ ਦਿਲ ਦੀ ਰਾਣੀ ਸੀ। ਮੈਂ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਸਾਂ। ਪਰ ਮੈਂ ਉਸ ਟਾਪੂ ਵਿਚ ਰਹਿ ਰਿਹਾਂ ਸਾਂ, ਜਿਸ ਨੂੰ ਮੈਂ ਮੌਤ ਦੇ ਸਿਰੇ ’ਤੇ ਲਟਕਦਿਆਂ ਵੀ ਖਾਰਜ ਕਰਕੇ ਇਕਲਾਪੇ ਦਾ ਟਾਪੂ ਚੁਣਿਆ ਸੀ। ਸ਼ਾਇਦ ਉੱਥੇ ਇਕਲਾਪੇ ਵਿਚ ਮਰ ਖਪ ਜਾਂਦਾ, ਕੋਈ ਗਿਲਾ ਵੀ ਨਾ ਹੁੰਦਾ। ਪਰ ਹੁਣ ਨਾ ਤਾਂ ਉਸ ਦੇ ਬਿਨਾਂ ਜੀਣਾ ਮੇਰੇ ਲਈ ਸੰਭਵ ਸੀ ਅਤੇ ਨਾ ਹੀ ਉਸ ਦੇ ਨਾਲ ਜਿਉਂਦਿਆਂ ਉਸ ਨੂੰ ਖੁਸ਼ੀਆਂ ਦੀ ਉਡਾਣ ਦੇਣਾ ਮੇਰੇ ਵੱਸ ਵਿਚ ਸੀ। ਇਹ ਗੱਲ ਮੇਰੇ ਦਿਲ ’ਤੇ ਭਾਰ ਬਣੀ ਹੋਈ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਮੈਂ ਕਰਾਂ ਤਾਂ ਕੀ ਕਰਾਂ। ਸੋਚਦਿਆਂ-ਸੋਚਦਿਆਂ ਮੈਨੂੰ ਉਹ ਵੇਲਾ ਚੇਤਾ ਆਇਆ, ਜਦੋਂ ਮੇਰੀ ਪਰੀ ਨੇ ਆਪਣੇ ਸਮਾਜ ਨੂੰ ਵੰਗਾਰਿਆ ਸੀ। ਉਸ ਦੀ ਵੰਗਾਰ ਨਾਲ ਸਾਡੇ ਖ਼ੂਨ ਦੇ ਪਿਆਸੇ ਨਿਜ਼ਾਮ ਨੇ, ਨਾ ਸਿਰਫ਼ ਸਾਡੀ ਜਾਨ ਬਖ਼ਸ਼ ਦਿੱਤੀ ਸੀ, ਬਲਕਿ ਸਾਨੂੰ ਇਕ ਬੇੜੀ ਵਿਚ ਬੰਨ੍ਹ ਕੇ ਇੱਕਠੇ ਜ਼ਿੰਦਗੀ ਜਿਊਣ ਲਈ ਇਕ ਪਾਸੇ ਵੀ ਕਰ ਦਿੱਤਾ ਸੀ। ਮੇਰੇ ਦਿਲ ਨੇ ਮੈਨੂੰ ਕਿਹਾ ਕਿ ਜੇ ਇਕ ਵੰਗਾਰ ਸਦੀਆਂ ਦੇ ਨਿਜ਼ਾਮ ਨੂੰ ਹਿਲਾ ਸਕਦੀ ਹੈ ਤਾਂ ਕਿ ਇਹ ਵੰਗਾਰ ਇਕ ਇਨਸਾਨ ਦੇ ਦਿਲ ਨੂੰ ਪਿਘਲਾ ਨਹੀਂ ਸਕੇਗੀ? ਬੱਸ ਮੈਂ ਫੈਸਲਾ ਕਰ ਲਿਆ ਕਿ ਪਰੀ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਣਾ, ਨਾ ਉਸ ਨੂੰ ਬੰਧਨ ਖੋਲ੍ਹ ਕੇ ਉਡਾਣ ਭਰਨ ਲਈ ਮਨਾਉਣਾ ਹੈ। ਹਰ ਪਲ ਉਸ ਨੂੰ ਖੁਸ਼ ਰੱਖਣਾ ਹੈ ਅਤੇ ਸਹੀ ਸਮੇਂ ’ਤੇ ਉਸ ਨੂੰ ਵੰਗਾਰਨਾ ਹੈ। ਮੇਰੇ ਬਦਲੇ ਹੋਏ ਅੰਦਾਜ਼ ਨੂੰ ਦੇਖ ਕੇ ਉਸ ਨੂੰ ਲੱਗਿਆ ਕਿ ਸਭ ਕੁਝ ਠੀਕ-ਠਾਕ ਹੋ ਗਿਆ ਹੈ। ਮੈਂ ਵੀ ਉਸ ਦੀ ਹਰ ਖੁਸ਼ੀ ਅਤੇ ਜ਼ਰੂਰਤ ਦਾ ਖ਼ਿਆਲ ਰੱਖਦਾ। ਫਿਰ ਉਹ ਜਦ ਵੀ ਸੁਪਨਿਆਂ ਦੀ ਗੱਲ ਕਰਦੀ ਤਾਂ ਮੈਂ ਹੱਸਦਿਆਂ ਆਖਦਾ, “ਕਿੰਨੇ ਪਿਆਰੇ ਸੁਪਨੇ ਨੇ। ਪਰ ਛੱਡ ਪਰਾਂ ਇਨ੍ਹਾਂ ਸੁਪਨਿਆਂ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਜਿਸ ਦਿਨ ਸੱਚਮੁੱਚ ਉੱਡ ਕੇ ਦਿਖਾਏਂਗੀ ਉਦੋਂ ਗੱਲ ਕਰਾਂਗੇ।” ਉਹ ਮੇਰੀ ਗੱਲ ਸੁਣ ਕੇ ਗੁੱਸੇ ਹੋ ਜਾਂਦੀ। ਸੋਚਦੀ ਕਿ ਮੈਂ ਉਸ ਦਾ ਮਜ਼ਾਕ ਉਡਾ ਰਿਹਾ ਹਾਂ। ਇਸ ਗੱਲ ’ਤੇ ਕਿੰਨਾਂ ਚਿਰ ਲੜਦੀ। ਮੈਂ ਉਸ ਨੂੰ ਮਨਾ ਲੈਂਦਾ। ਪਰ ਜਦੋਂ ਵੀ ਉਹ ਸੁਪਨਿਆਂ ਅਤੇ ਉਡਾਣ ਦੀ ਗੱਲ ਕਰਦੀ ਮੈਂ ਹੱਸ ਛੱਡਦਾ। ਹਾਸੇ-ਹਾਸੇ ਵਿਚ ਉਸ ਨੂੰ ਵੰਗਾਰ ਦਿੰਦਾ। ਹੌਲੀ-ਹੌਲੀ ਉਹ ਇਸ ਗੱਲ ਦਾ ਗੁੱਸਾ ਆਪਣੇ ਮਨ ਅੰਦਰ ਭਰਨ ਲੱਗ ਪਈ। ਇਸ ਨੂੰ ਇੰਝ ਜਾਪਣ ਲੱਗ ਪਿਆ ਕਿ ਜਿਵੇਂ ਮੈਂ ਉਸ ਨੂੰ ਪਿਆਰ ਕਰਦਾ ਹੀ ਨਹੀਂ, ਬੱਸ ਉਸ ਨੂੰ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। ਹਰ ਪਲ ਉਸ ਨੂੰ ਨੀਵਾਂ ਦਿਖਾਉਂਦਾ ਹਾਂ। ਉਸ ਦੀ ਖਿੱਲੀ ਉਡਾਉਂਦਾ ਹਾਂ। ਇਹ ਗੱਲਾਂ ਸੋਚਦੀ ਉਹ ਹਰ ਪਲ ਦੁਖੀ ਰਹਿੰਦੀ। ਉਸ ਨੂੰ ਦੁੱਖੀ ਦੇਖ ਕੇ ਮੇਰਾ ਮਨ ਵੀ ਬਹੁਤ ਦੁੱਖਦਾ। ਪਰ ਮੈਨੂੰ ਇਹ ਵੀ ਪਤਾ ਸੀ ਕਿ ਮੈਂ ਜੋ ਕਰ ਰਿਹਾ ਹਾਂ ਉਸ ਦਾ ਨਤੀਜਾ ਇਕ ਦਿਨ ਜ਼ਰੂਰ ਉਸ ਦੇ ਹੱਕ ਵਿਚ ਨਿਕਲੇਗਾ। ਹੋ ਸਕਦਾ ਹੈ, ਉਹ ਇਸ ਗੱਲ ਲਈ ਮੈਨੂੰ ਕਦੇ ਮਾਫ਼ ਨਾ ਕਰੇ, ਪਰ ਜੇ ਉਹ ਇਸ ਕੋਸ਼ਿਸ਼ ਨਾਲ ਆਪਣੀ ਉਡਾਣ ਹਾਸਲ ਕਰ ਲਵੇ ਤਾਂ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ। ਇਸ ਗੱਲ ਦਾ ਅਸਰ ਹੋ ਵੀ ਰਿਹਾ ਸੀ। ਇਸ ਦੇ ਨਿਸ਼ਾਨ ਦਿਸਣ ਲੱਗ ਪਏ ਸਨ। ਉਹ ਪਹਿਲਾਂ ਨਾਲੋਂ ਜ਼ਿਆਦਾ ਆਪਣੀ ਜ਼ਿੰਦਗੀ ਵੱਲ ਧਿਆਨ ਦੇਣ ਲੱਗ ਪਈ ਸੀ। ਸੱਜਣ-ਸੰਵਰਨ ਲੱਗ ਪਈ ਸੀ। ਕਈ ਚੀਜ਼ਾਂ ਜੋ ਉਹ ਪਹਿਲਾਂ ਸੋਚਣ ਤੋਂ ਵੀ ਡਰਦੀ ਸੀ ਆਪਣੀ ਜ਼ਿੰਦਗੀ ਵਿਚ ਅਪਣਾਉਣ ਲੱਗ ਪਈ ਸੀ। ਜਿਹੜੀਆਂ ਚੀਜ਼ਾਂ ਕਰਦਿਆਂ ਉਸ ਨੂੰ ਨਿਯਮਾਂ ਦੇ ਟੁੱਟ ਜਾਣ ਦਾ ਡਰ ਰਹਿੰਦਾ ਸੀ, ਬੜੀ ਬੇਬਾਕੀ ਨਾਲ ਉਹ ਚੀਜ਼ਾਂ ਕਰਨ ਲੱਗ ਪਈ ਸੀ। ਫਿਰ ਵੀ ਉਹ ਆਪਣੀ ਪੁਰਾਣੀ ਮਾਨਸਿਕਤਾ ਤਿਆਗ ਕੇ ਨਵੀਂ ਉਡਾਣ ਭਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪਰ ਸੁਪਨਿਆਂ ਬਾਰੇ, ਉਡਾਣ ਬਾਰੇ, ਨਵੀਂ ਜ਼ਿੰਦਗੀ ਬਾਰੇ ਗੱਲਾਂ ਕਰਨਾ ਉਹ ਕਦੇ ਨਹੀਂ ਸੀ ਭੁੱਲਦੀ। ਹੁਣ ਵੱਡਾ ਜੋਖਮ ਲੈਣ ਦਾ ਵਕਤ ਆ ਗਿਆ ਲੱਗਦਾ ਸੀ। ਮੈਨੂੰ ਡਰ ਸੀ ਕਿ ਮੇਰਾ ਅਗਲਾ ਕਦਮ ਉਸ ਨੂੰ ਬੁਰੀ ਤਰ੍ਹਾਂ ਝੰਝੋੜ ਦੇਵੇਗਾ। ਉਸ ਦੇ ਮਨ ਵਿਚ ਮੇਰੇ ਲਈ ਨਫ਼ਰਤ ਭਰ ਦੇਵੇਗਾ, ਪਰ ਮੈਨੂੰ ਹੋਰ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ। ਮੈਂ ਜੋਖ਼ਮ ਲੈਣ ਦਾ ਫੈਸਲਾ ਕਰ ਲਿਆ। ਇਕ ਦਿਨ ਉਹ ਹੱਸ-ਹੱਸ ਕੇ ਆਪਣੇ ਸੁਪਨਿਆਂ ਦੀਆਂ ਗੱਲਾਂ ਕਰ ਰਹੀ ਸੀ। ਉਹ ਦੱਸ ਰਹੀ ਸੀ ਕਿ ਜਦੋਂ ਇਹ ਸੁਪਨੇ ਸੱਚ ਹੋਣਗੇ ਤਾਂ ਕਿਸ ਤਰ੍ਹਾਂ ਉਹ ਅੰਬਰਾਂ ਵਿਚ ਉੱਡਦੀ ਫਿਰੇਗੀ। ਮੈਂ ਹੱਸਦਿਆਂ ਕਿਹਾ, “ਇਹ ਸੁਪਨੇ ਵੀ ਫਜ਼ੂਲ ਨੇ ਅਤੇ ਇਹ ਗੱਲਾਂ ਵੀ, ਹੁਣ ਤੈਨੂੰ ਇਨ੍ਹਾਂ ਗੱਲਾਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਕਿਉਂ ਕਿ ਜੇ ਤੂੰ ਪਰੀ ਹੁੰਦੀ ਤਾਂ ਆਪ ਅੰਬਰਾਂ ਵਿਚ ਉੱਡਦੀ ਫਿਰਦੀ। ਧਰਤੀ ’ਤੇ ਬੈਠੀ ਬੇੜੀਆਂ ਵਿਚ ਜਕੜੀ ਹੋਈ, ਉੱਡਣ ਦੀਆਂ ਗੱਲਾਂ ਨਾ ਕਰਦੀ ਰਹਿੰਦੀ। ਮੈਨੂੰ ਹੁਣ ਸਮਝ ਆ ਗਈ ਹੈ ਕਿ ਤੂੰ ਪਰੀ ਹੈ ਈ ਨਹੀਂ। ਤੇਰੇ ਖੰਭ ਸਿਰਫ਼ ਦਿਖਾਵੇ ਦੇ ਹਨ। ਤੇਰੀਆਂ ਗੱਲਾਂ ਸਿਰਫ਼ ਗੱਲਾਂ, ਕੋਈ ਅਰਥ ਨਹੀਂ ਇਨਾਂ ਸੁਪਨੀਲੀਆਂ ਗੱਲਾਂ ਦਾ।”

ਇੰਨੀ ਗੱਲ ਸੁਣਦਿਆਂ ਹੀ ਉਹ ਗੁੱਸੇ ਨਾਲ ਭਰ ਗਈ। ਪਹਿਲਾਂ ਉਸ ਨੇ ਆਪਣੇ ਖੰਭ ਨੋਚ ਸੁੱਟਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕਰਦਿਆਂ ਉਹ ਨਫ਼ਰਤ ਨਾਲ ਨੱਕੋ-ਨੱਕ ਭਰ ਗਈ। ਗੁੱਸੇ ਵਿਚ ਚੀਕਣ ਲੱਗੀ, “ਹਾਂ! ਹਾਂ ਮੈਂ ਪਰੀ ਨਹੀਂ। ਮੇਰੇ ਖੰਭ ਵੀ ਨਕਲੀ ਨੇ, ਮੈਂ ਵੀ ਨਕਲੀ ਅਤੇ ਮੇਰਾ ਪਿਆਰ ਵੀ ਨਕਲੀ। ਨੋਚ ਸੁੱਟ ਇਨ੍ਹਾਂ ਨੂੰ ਅਤੇ ਮੈਨੂੰ ਵੀ ਮਿਟਾ ਦੇ।”

ਮੈਂ ਉਸ ਦੀ ਹਾਲਤ ਸਮਝ ਸਕਦਾ ਸਾਂ। ਮੈਨੂੰ ਪਤਾ ਸੀ ਕਿ ਉਹ ਇਸ ਸਭ ਕੁਝ ਗੁੱਸੇ ਵਿਚ ਬੋਲ ਰਹੀ ਹੈ। ਮੈਂ ਜਾਣਦਾ ਹਾਂ, ਸੱਚਮੁੱਚ ਉਹ ਪਰੀ ਹੈ, ਪਰ ਅੰਦਰ ਬੈਠਾ ਪਤਾ ਨਹੀਂ ਕਿਹੜਾ ਡਰ ਉਸ ਨੂੰ ਉੱਡਣ ਨਹੀਂ ਦੇ ਰਿਹਾ। ਸ਼ਾਇਦ ਇਹ ਉਸ ਦੇ ਅੰਦਰ ਰਚੀਆਂ ਹੋਈਆਂ ਉਸ ਟਾਪੂ ਦੀਆਂ ਪਰੰਪਰਾਵਾਂ ਹਨ। ਉਹ ਸਲੀਕਾ ਹੈ, ਜਿਸ ਨੇ ਉਸ ਨੂੰ ਇਸ ਮਾਹੌਲ ਵਿਚ ਵੀ ਜੀਣ ਦੀ ਆਦਤ ਪਾ ਦਿੱਤੀ ਹੈ।

ਕਾਫੀ ਦੇਰ ਇਨ੍ਹਾਂ ਖ਼ਿਆਲਾਂ ਵਿਚ ਡੁੱਬਿਆ ਰਿਹਾ। ਕੁਝ ਪਲਾਂ ਬਾਅਦ ਮੈਂ ਦੇਖ ਰਿਹਾ ਸਾਂ ਕਿ ਹੁਣ ਉਹ ਪਹਿਲਾਂ ਨਾਲੋਂ ਕੁਝ ਸ਼ਾਂਤ ਲੱਗ ਰਹੀ ਹੈ। ਉਸ ਨੇ ਚੀਕਣਾ ਬੰਦ ਕਰ ਦਿੱਤਾ, ਪਰ ਅੰਦਰ ਉਹ ਬਲ ਰਹੀ ਸੀ। ਆਪਣੇ ਖੰਭਾਂ ਨੂੰ ਪੂਰੀ ਤਾਕਤ ਨਾਲ ਤਰੰਗਾਂ ਭੇਜ ਰਹੀ ਸੀ। ਅੱਜ ਉਹ ਕੁਝ ਵੀ ਕਰਨ ਲਈ ਉਤਾਰੂ ਸੀ। ਉਸ ਦੀਆਂ ਅੱਖਾਂ ਦਗ਼ ਰਹੀਆਂ ਸਨ। ਉਸ ਦੀਆਂ ਮੁੱਠੀਆਂ ਜ਼ੋਰ ਨਾਲ ਘੁੱਟੀਆਂ ਗਈਆਂ। ਪੈਰ ਕਿਸੇ ਦੌੜਾਕ ਵਾਂਗ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਪੁਜ਼ੀਸ਼ਨ ’ਤੇ ਆ ਗਏ। ਦੰਦ ਕਰੀਚੇ ਗਏ ਅਤੇ ਵਾਲ ਖੁੱਲ੍ਹ ਕੇ ਹਵਾ ਨਾਲ ਲਹਿਰਾਉਣ ਲੱਗ ਪਏ। ਪੂਰਾ ਜ਼ੋਰ ਲਾ ਕੇ ਉਸ ਨੇ ਆਪਣੇ ਗੋਡੇ ਥੋੜ੍ਹੇ ਜਿਹੇ ਮੋੜ ਲਏ। ਇਕ ਜ਼ੋਰਦਾਰ ਹਨੇਰੀ ਝੁੱਲੀ। ਉਸ ਦੇ ਖੰਭ ਪੂਰੀ ਤਰ੍ਹਾਂ ਫੈਲ ਗਏ। ਮੇਰੀਆਂ ਨਜ਼ਰਾਂ ਦੇ ਸਾਹਮਣੇ ਵਾਲਾ ਆਕਾਸ਼ ਉਸ ਦੇ ਖੰਭਾਂ ਨੇ ਢੱਕ ਲਿਆ। ਫਿਰ ਉਹ ਇਕ ਦਮ ਛਾਲ ਮਾਰ ਕੇ ਹਵਾ ਵਿਚ ਉੱਡ ਗਈ।

ਮੈਨੂੰ ਇਕ ਜ਼ੋਰਦਾਰ ਝਟਕਾ ਲੱਗਿਆ। ਮੈਂ ਇਕ ਦਮ ਪੁੱਠਾ ਲਟਕ ਗਿਆ। ਧਰਤੀ ਮੇਰੇ ਸਿਰ ਪਰਨੇ ਸੀ ਤੇ ਪੈਰਾਂ ਵੱਲ ਆਸਮਾਨ। ਉੱਪਰ ਦੇਖਿਆ ਤਾਂ ਪਰੀ ਉੱਡੀ ਜਾ ਰਹੀ ਸੀ। ਇੱਕ ਬੇੜੀ ਨਾਲ ਦੋਹਾਂ ਦੇ ਪੈਰ ਬੱਝੇ ਹੋਣ ਕਰਕੇ ਮੈਂ ਉਸ ਦੇ ਹੇਠਾਂ ਲਟਕ ਰਿਹਾ ਸਾਂ। ਉਹ ਉੱਡਦੀ ਹੋਈ, ਉੱਚੀ ਹੋਰ ਉੱਚੀ ਹੁੰਦੀ ਜਾ ਰਹੀ ਸੀ। ਉੱਚੀ-ਉੱਚੀ ਹੱਸ ਰਹੀ ਸੀ। ਬੋਲ ਰਹੀ ਸੀ।

“ਕਿਉਂ ਬੱਚੂ ਮੈਂ ਪਰੀ ਨਹੀਂ? ਮੈਂ ਸਿਰਫ਼ ਉੱਡਣ ਦੀਆਂ ਗੱਲਾਂ ਕਰਦੀ ਆਂ। ਉੱਡ ਨਹੀਂ ਸਕਦੀ। ਉੱਡਣਾ ਈ ਨੀ ਮੈਂ ਕਦੀ? ਰੋਜ਼ ਤਾਅਨੇ ਮਾਰ-ਮਾਰ ਕੇ ਮੇਰਾ ਜੀਣਾ ਹਰਾਮ ਕਰ ਦਿੱਤਾ ਤੂੰ। ਤੇਰੇ ਪਿਆਰ ਵਿਚ ਅੰਨ੍ਹੀ ਹੋਈ ਸਭ ਕੁਝ ਸੁਣਦੀ ਰਹੀ ਮੈਂ। ਹੁਣ ਦੱਸ ਬ੍ਰਹਿਮੰਡ ਵਿਚ ਕਿੱਥੇ ਪਟਕਾ ਕੇ ਮਾਰਾਂ ਤੈਨੂੰ?”

ਇਕ ਵਾਰ ਫਿਰ ਉਹ ਕੂਕਾਂ ਮਾਰ ਕੇ ਹੱਸਣ ਲੱਗ ਪਈ। ਤੇਜ਼ੀ ਨਾਲ ਬੱਦਲਾਂ ਨੂੰ ਚੀਰਦੀ ਹੋਈ ਉੱਪਰ ਹੋਰ ਉੱਪਰ ਉੱਡਦੀ ਜਾ ਰਹੀ ਸੀ। ਧੁੰਦ, ਧੂੰਏ ਅਤੇ ਬੱਦਲਾਂ ਦੇ ਗ਼ੁਬਾਰ ਵਿਚ ਮੈਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਪੁੱਠੇ ਲਟਕਦਿਆਂ ਖ਼ੂਨ ਦਾ ਦੌਰਾ ਮੇਰੇ ਦਿਮਾਗ਼ ਦੀਆਂ ਨਾੜਾ ਪਾੜ ਕੇ ਬਾਹਰ ਆਉਣ ਨੂੰ ਕਾਹਲਾ ਸੀ। ਹੌਲੀ-ਹੌਲੀ ਮੇਰੇ ’ਤੇ ਬੇਹੋਸ਼ੀ ਛਾਅ ਗਈ। ਅੱਖਾਂ ਮੀਚੀਆਂ ਗਈਆਂ। ਇਕ ਧੜਾਮ ਦੀ ਆਵਾਜ਼ ਆਈ ਅਤੇ ਮੇਰੀ ਪਿੱਠ ਮੈਨੂੰ ਸਖ਼ਤ ਸਤ੍ਹਾ ’ਤੇ ਵੱਜੀ ਮਹਿਸੂਸ ਹੋਈ।

ਅਚਾਨਕ ਮੇਰੀ ਅੱਖ ਖੁੱਲ੍ਹੀ। ਮੈਂ ਉੱਥੇ ਹੀ ਪੱਥਰ ਨਾਲ ਟੇਕ ਲਾਈ ਸੌਂ ਰਿਹਾ ਸਾਂ, ਜਿੱਥੇ ਟਾਪੂ ਦਾ ਚੱਕਰ ਲਾਉਂਦਿਆਂ ਥੱਕ ਕੇ ਆਰਾਮ ਕਰਨ ਲਈ ਬੈਠ ਗਿਆ ਸਾਂ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਭਿਆਨਕ ਸੁਪਨੇ ਵਿਚੋਂ ਅੱਭੜਵਾਹੇ ਉੱਠਿਆਂ ਹਾਂ। ਮੇਰਾ ਅੰਗ-ਅੰਗ ਹਾਲੇ ਦੁੱਖ ਰਿਹਾ ਸੀ। ਮੈਂ ਉੱਠ ਕੇ ਇੱਧਰ-ਓਧਰ ਦੇਖਣ ਲੱਗਾ। ਦੋ ਕਦਮ ਤੁਰਿਆ ਤਾਂ ਮੈਨੂੰ ਆਪਣੇ ਪੈਰਾਂ ਨਾਲ ਠੰਢੇ ਲੋਹੇ ਦੀ ਛੋਹ ਦਾ ਅਹਿਸਾਸ ਹੋਇਆ। ਮੈਂ ਇਕ ਦਮ ਆਪਣੇ ਪੈਰਾਂ ਵੱਲ ਦੇਖਿਆ। ਇਹ ਕੀ? ਇਹ ਤਾਂ ਉਹੀ ਬੇੜੀ ਐ, ਜਿਹੜੀ ਮੇਰੇ ਅਤੇ ਪਰੀ ਦੇ ਪੈਰਾਂ ਵਿਚ ਪਾਈ ਹੋਈ ਸੀ। ਪਹਿਲਾਂ ਨਾਲੋਂ ਅੱਧੀ, ਇੰਝ ਲੱਗ ਰਿਹਾ ਸੀ ਜਿਵੇਂ ਉਸ ਦਾ ਅੱਧਾ ਹਿੱਸਾ ਮੇਰੇ ਪੈਰਾਂ ਵਿਚ ਜਕੜਿਆ ਰਹਿ ਗਿਆ ਹੋਵੇ। ਮੈਂ ਅਸਮਾਨ ਵੱਲ ਤੱਕਿਆ। ਉਹ ਪਰੀ ਮੁਸਕੁਰਾਉਂਦੀ ਹੋਈ ਐਨ ਮੇਰੇ ਸਿਰ ਦੇ ਕੋਲੋਂ ਦੀ ਉੱਡਦੀ ਹੋਈ ਲੰਘੀ ਅਤੇ ਫੇਰ ਆਸਮਾਨ ਵੱਲ ਦੂਰ ਜਾਂਦੀ ਹੋਈ ਨਜ਼ਰ ਆ ਰਹੀ ਸੀ। ਉਸ ਦੇ ਪੈਰਾਂ ਵਿਚ ਵੀ ਉਸੇ ਬੇੜੀ ਦਾ ਬਾਕੀ ਅੱਧਾ ਹਿੱਸਾ ਲਟਕਦਾ ਹੋਇਆ ਨਜ਼ਰ ਆਇਆ। ਦੇਖਦਿਆਂ ਹੀ ਦੇਖਦਿਆਂ ਉਹ ਬੱਦਲਾਂ ਵਿਚ ਅਲੋਪ ਹੋ ਗਈ। ਮੈਂ ਫੇਰ ਧਰਤੀ ’ਤੇ ਬੈਠ ਗਿਆ ਅਤੇ ਆਪਣੀ ਪੈਰਾਂ ਦੀ ਬੇੜੀ ਨੂੰ ਗੌਰ ਨਾਲ ਵੇਖਣ ਲੱਗਾ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਬੇੜੀ ਨੂੰ ਬੜੇ ਸਲੀਕੇ ਨਾਲ ਦੋ ਹਿੱਸਿਆਂ ਵਿਚ ਇਸ ਤਰ੍ਹਾਂ ਵੰਡਿਆਂ ਹੋਵੇ, ਜਿਸ ਨਾਲ ਬਿਨਾਂ ਖੁੱਲ੍ਹੇ ਇਸ ਦਾ ਇਕ ਹਿੱਸਾ ਮੇਰੇ ਪੈਰਾਂ ਵਿਚ ਪਿਆ ਰਹਿ ਗਿਆ ਅਤੇ ਦੂਸਰਾ ਹਿੱਸਾ ਉਸ ਪਰੀ ਦੇ ਪੈਰਾਂ ਵਿੱਚ। ਮੈਂ ਹਾਲੇ ਸ਼ਸ਼ੋਪੰਜ ਵਿਚ ਡੁੱਬਿਆ ਹੋਇਆਂ ਸਾਂ ਕਿ ਆਕਾਸ਼ਵਾਣੀ ਹੋਈ- “ਇਹ ਬੇੜੀ ਨਾ ਤੂੰ ਇਕੱਲਾ ਖੋਲ੍ਹ ਸਕੇਂਗਾ ਅਤੇ ਨਾ ਉਹ ਪਰੀ। ਇਸ ਨੂੰ ਖੋਲ੍ਹਣ ਲਈ ਤੁਹਾਨੂੰ ਇਕੱਠੇ ਹੋਣਾ ਈ ਪਵੇਗਾ। ਤੁਹਾਡੇ ਦੋਵਾਂ ਦੀ ਸਹਿਮਤੀ ਤੋਂ ਬਿਨਾਂ ਇਹ ਬੇੜੀ ਕਦੇ ਨਹੀਂ ਖੁੱਲ੍ਹ ਸਕਦੀ।”

ਮੇਰੇ ਦਿਲ ਨੂੰ ਇਕ ਧਰਵਾਸ ਮਿਲਿਆ। ਪਰੀ ਉੱਡਣ ਲੱਗ ਪਈ ਸੀ। ਭਾਂਵੇ ਮੇਰੇ ਨਾਲ ਗੁੱਸੇ ਸੀ, ਸ਼ਾਇਦ ਨਫ਼ਰਤ ਦੀ ਹੱਦ ਤੱਕ ਗੁੱਸੇ। ਮੈਨੂੰ ਇਕਲਾਪੇ ਦੇ ਟਾਪੂ ’ਤੇ ਸੁੱਟ ਕੇ ਆਪ ਅੰਬਰ ਵਿਚ ਉਡਾਰੀਆਂ ਲਾ ਰਹੀ ਸੀ। ਮੈਨੂੰ ਪੂਰੀ ਆਸ ਐ ਕਿ ਇਕ ਦਿਨ ਉਹ ਆਵੇਗੀ ਜ਼ਰੂਰ, ਚਾਹੇ ਆਪਣੀ ਬੇੜੀ ਖੋਲ੍ਹਣ ਲਈ ਹੀ ਆਵੇ। ਸ਼ਾਇਦ ਕਦੇ ਉਸ ਨੂੰ ਸਮਝ ਆ ਜਾਵੇ ਕਿ ਮੈਂ ਇਹ ਸਭ ਕੁਝ ਕਿਉਂ ਕੀਤਾ ਤੇ ਗਿਲੇ-ਸ਼ਿਕਵੇ ਭੁਲਾ ਕੇ ਮੈਨੂੰ ਗਲ ਨਾ ਲਾ ਲਵੇ।

ਅੱਜ-ਕੱਲ੍ਹ ਮੈਂ ਰੋਜ਼ ਉਸ ਨੂੰ ਆਸਮਾਨ ਵਿਚ ਉੱਡਦੇ ਦੇਖਦਾਂ। ਕਈ ਵਾਰ ਉਹ ਮੇਰੇ ਬਹੁਤ ਨੇੜਿਓਂ ਲੰਘਦੀ ਐ। ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾਂ, ਪਰ ਉਹ ਜਵਾਬ ਨਹੀਂ ਦਿੰਦੀ। ਇਕਲਾਪੇ ਦੇ ਇਸ ਟਾਪੂ ’ਤੇ ਉਸ ਦੀ ਉਡੀਕ ਦਾ ਬਹਾਨਾ ਮੇਰੇ ਜਿਓਣ ਲਈ ਕਾਫ਼ੀ ਐ। ਉਡੀਕ ਉਸ ਦਿਨ ਦੀ ਜਿਸ ਦਿਨ ਮੈਂ ਵੀ ਉਸ ਨਾਲ ਇਕ ਨਵੀਂ ਉਡਾਣ ਭਰਾਂਗਾ।

-ਦੀਪ ਜਗਦੀਪ ਸਿੰਘ


Posted

in

,

by

Tags:

Comments

Leave a Reply

Your email address will not be published. Required fields are marked *