ਕੀ ਇਹ ਲੇਖਕ ਕਦੇ ਰਿਟਾਇਰ ਹੋਣਗੇ?

“ਕੁਝ ਸਾਹਿਤਕ ਰਸਾਲੇ ਮੈਂ ਨੇਮ ਨਾਲ ਪੜ੍ਹਦਾ ਹਾਂ, ਅੱਖਰ ਉਨ੍ਹਾਂ ਵਿਚੋਂ ਅਜਿਹਾ ਪੰਜਾਬੀ ਰਸਾਲਾ ਹੈ ਜੋ ਸ਼ਾਇਦ ਮੈਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ ਸੀ। ਇਸੇ ਵਿਚ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਛਪੀਆਂ ਸਨ ਅਤੇ ਇਸ ਦੇ ਕਈ ਪੱਕੇ ਕਾਲਮ ਮੈਂ ਪੂਰੀ ਰੀਝ ਨਾਲ ਪੜ੍ਹਦਾ ਹਾਂ। ਅਕਸਰ ਰਸਾਲੇ ਦਾ ਨਵਾਂ ਅੰਕ ਪੜ੍ਹ ਕੇ ਮੈਂ ਆਪਣੀ ਪ੍ਰਤਿਕਿਰਆ ਫੋਨ ਰਾਹੀਂ ਅੱਖਰ ਦੇ ਸੰਪਾਦਕ ਅਤੇ ਨਾਮਵਰ ਕਵੀ ਪਰਮਿੰਦਰਜੀਤ ਹੁਰਾਂ ਨੂੰ ਦਿੰਦਾ ਰਹਿੰਦਾ ਹੈ, ਉਹ ਹਮੇਸ਼ਾ ਹੀ ਲਿਖਣ ਲਈ ਉਤਸ਼ਾਹਤ ਕਰਦੇ ਹਨ। ਪਿਛਲੇ ਕੁਝ ਅੰਕਾਂ ਤੋਂ ਇਹੀ ਪ੍ਰਤਿਕਿਰਿਆ ਲਿਖਣ ਦੀ ਕੌਸ਼ਿਸ਼ ਕਰ ਰਿਹਾ ਹਾਂ। ਦਸੰਬਰ 2013 ਦੇ ਅੰਕ ਬਾਰੇ ਨਵੇਂ ਅੰਕ (ਜਨਵਰੀ-ਫਰਵਰੀ2014) ਵਿਚ ਛਪਿਆ ਮੇਰਾ ਖ਼ਤ ਮੈਂ ਉਚੇਚੇ ਤੌਰ ‘’ਤੇ ਸਾਂਝਾ ਕਰਨਾ ਚਾਹੁੰਦਾ ਹਾਂ, ਕਿਉਂ ਕਿ ਇਸ ਖ਼ਤ ਵਿਚ ਨਵੇਂ ਲੇਖਕਾਂ ਦੇ ਦਿਲਾਂ ਦੀਆਂ ਸੱਧਰਾਂ ਸ਼ਾਮਲ ਹਨ। ਉਨ੍ਹਾਂ ਸਭ ਵੱਲੋਂ ਆਪ ਸਭ ਲਈ ਇਸ ਖ਼ਤ ਦੀ ਇਬਾਰਤ ਹੂ-ਬ-ਹੂ ਇੱਥੇ ਛਾਪ ਰਿਹਾ ਹਾਂ।”

ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜਿਆਂ ਬਾਰੇ ਲੱਗਦਾ ਤਵਾ ਪੜ੍ਹ ਕੇ ਬਹੁਤ ਸਵਾਦ ਆਉਂਦਾ ਹੈ ਅਤੇ ਮੀਨਮੇਖ ਡਾਟ ਕਾਮ (ਸਾਹਿਤਕ ਰਸਾਲੇ ਅੱਖਰ ਵਿਚ ਛਪਦੇ ਇਕ ਕਾਲਮ ਦਾ ਸਿਰਲੇਖ) ਵਰਗੇ ਕਾਲਮ ਹਮੇਸ਼ਾਂ ਹੀ ਪਾਠਕਾਂ ਦੇ ਹਰਮਨ ਪਿਆਰੇ ਰਹੇ ਹਨ। ਪਿਛਲੇ ਮੀਨਮੇਖੀ ਵਿਵਾਦ ਤੋਂ ਬਾਅਦ ਬਹਿਸ ਨੂੰ ਵਿਰਾਮ ਤਾਂ ਦੇ ਦਿੱਤਾ ਗਿਆ (ਇਸ ਬਾਰੇ ਜਾਣਨ ਲਈ ਤੁਹਾਨੂੰ ਅੱਖਰ ਦੇ ਪਿਛਲੇ ਅੰਕ ਪੜ੍ਹਨੇ ਪੈਣਗੇ)। ਪਰ ਇਸ ਵਾਰ ਦਾ ਮੀਨਮੇਖ ਪੜ੍ਹ ਕੇ ਇੰਝ ਲੱਗਿਆ ਕਿ ਇਸ ਵਿਚ ਮੀਨਮੇਖ ਵਾਲੀ ਕੀ ਗੱਲ ਹੈ। ਇਹ ਲੇਖ ਸਾਧਾਰਨ ਤੌਰ ’ਤੇ ਇਕ ਬੌਧਿਕ ਸੰਵਾਦ ਮਾਤਰ ਹੀ ਲੱਗਿਆ।

ਮੇਰੇ ਖ਼ਿਆਲ ਵਿਚ ਪਿਛਲੇ ਵਿਵਾਦ ਤੋਂ ਬਾਅਦ ਮੀਨਮੇਖ ਦੇ ਲੇਖਕ ਰਾਕੇਸ਼ ਰਮਨ ਦੇ ਨਾਲ ਹੀ ਅੱਖਰ ਦੇ ਸੰਪਾਦਕ ਪ੍ਰਮਿੰਦਰਜੀਤ ਵੀ ਰੱਖਿਆਤਮਕ ਪੈਂਤੜੇ ’ਤੇ ਹੋ ਗਏ ਹਨ। ਮੀਨਮੇਖ ਵਿਚ ਜਿਵੇਂ ਪਹਿਲਾਂ ਸਾਹਿਤਕ ਨਜ਼ਰੀਏ ਵਾਲਾ ਵਿਅੰਗ ਅਤੇ ਅਲੋਚਨਾ ਸੀ ਉਹ ਜਾਰੀ ਰਹਿਣੀ ਚਾਹੀਦੀ ਹੈ ਅਤੇ ਰਮਨ ਹੁਰਾਂ ਨੂੰ ਪਹਿਲਾਂ ਵਾਲੀ ਠੁੱਕ ਨਾਲ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ।

ਨਿੱਜੀ ਇਲਜ਼ਾਮਤਰਾਸ਼ੀ ਤੋਂ ਬਚਦੇ ਹੋਏ ਸੁਹਿਰਦ ਅਤੇ ਸਿਹਤਮੰਦ ਅਲੋਚਨਾ ਦੀ ਇਸ ਵੇਲੇ ਬੇਹੱਦ ਲੋੜ ਹੈ। ਨਹੀਂ ਤਾਂ ਬੇੜੀਆਂ ਦੇ ਪੁਲ ਵਿਚ ਜਿਸ ਖੜੋੜ ਦੀ ਗੱਲ ਪ੍ਰਮਿੰਦਰਜੀਤ ਹੁਰਾਂ ਨੇ ਕੀਤੀ ਹੈ ਉਸ ਦੇ ਟੁੱਟਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਜਦੋਂ ਤੱਕ ਮੀਨਮੇਖ ਸਿਰਲੇਖ ਵਾਲੇ ਕਾਲਮ ਵਿਚ ਕਿਸੇ ਵਰਤਾਰੇ ਦੀ ਮੀਨਮੇਖ ਨਹੀਂ ਕੱਢੀ ਜਾਂਦੀ ਉਦੋਂ ਤੱਕ ਇਸ ਦਾ ਸਿਰਲੇਖ ਜਸਟੀਫਾਈ ਨਹੀਂ ਕੀਤਾ ਜਾ ਸਕਦਾ।

ਜੇ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਹੁਣ ਇਸ ਵਿਚੋਂ ਮੀਨਮੇਖ ਮਨਫੀ ਕਰ ਦਿੱਤੀ ਜਾਣੀ ਹੈ ਤਾਂ ਕਿਰਪਾ ਕਰਕੇ ਇਸ ਦਾ ਸਿਰਲੇਖ ਵੀ ਬਦਲ ਦੇਣਾ ਚਾਹੀਦਾ ਹੈ। ਮੈਨੂੰ ਨਿੱਜੀ ਤੋਰ ’ਤੇ ਇਸ ਬਾਰੀਕਬੀਨੀ ਵਾਲੇ ਕਾਲਮ ਦੀ ਮੌਤ ਦਾ ਦੁੱਖ ਜ਼ਰੂਰ ਹੋਵੇਗਾ। 

ਬੇੜੀਆਂ ਦੇ ਪੁਲ (ਕਾਲਮ) ਵਿਚ ਪ੍ਰਮਿੰਦਰਜੀਤ ਹੁਰਾਂ ਵੱਲੋਂ ਅਦਬੀ, ਵਿਚਾਰਕ ਤੇ ਸਭਿਆਚਾਰਕ ਖੜੋਤ ਦੇ ਪ੍ਰਸੰਗ ਵਿਚ ਕੀਤੀਆਂ ਗਈਆਂ ਗੱਲਾਂ ਨਾਲ ਸੌ ਫ਼ੀਸਦੀ ਸਹਿਮਤ ਹਾਂ। ਸਵਾਲ ਤਾਂ ਇਹ ਹੈ ਕਿ ਇਸ ਖੜੋਤ ਨੂੰ ਤੋੜਨ ਲਈ ਕੀਤਾ ਕੀ ਜਾਵੇ। ਪੂਰੇ ਵਰਤਾਰੇ ਵਿਚ ਸੁਹਿਰਦ ਲੇਖਣੀ ਲਈ ਜਗ੍ਹਾ ਹੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਹੈ।

ਹਰ ਜਗ੍ਹਾ ਸਿਰਫ਼ ਅਤੇ ਸਿਰਫ਼ ਧੜਿਆਂ ਅਤੇ ਸਾਂਝ ਭਿਆਲੀਆਂ ਦਾ ਬੋਲਬਾਲਾ ਹੈ। ਨਵੇਂ ਲੇਖਕਾਂ ਅਤੇ ਨਵੀਂ ਲੇਖਣੀ ਪੁੰਗਰਨ ਲਈ ਕੋਈ ਧਰਤੀ ਖ਼ਾਲੀ ਨਹੀਂ ਹੈ। ਮਜਬੂਰੀ ਵਿਚ ਨਵਾਂ ਲੇਖਕ ਅਤੇ ਲੇਖਣੀ ਇੰਟਰਨੈੱਟ ਮਾਧਿਅਮਾਂ ’ਤੇ ਸੀਮਤ ਹੋ ਕੇ ਰਹਿ ਗਈ ਹੈ। ਮੁੱਖ-ਧਾਰਾ ਵਿਚ ਪਰਵਾਨਗੀ ਤੋਂ ਵਿਰਵੇ ਇਹ ਨਵੇਂ ਉਭਰਦੇ ਸੰਭਾਵਨਾਸ਼ੀਲ ਰਚਨਾਕਾਰ ਨਿਰਾਸ਼ਾ ਵਿਚ ਬੁਰੀ ਤਰ੍ਹਾਂ ਧੱਸਦੇ ਜਾ ਰਹੇ ਹਨ। ਇਸੇ ਨਿਰਾਸ਼ਾ ਵਿਚੋਂ ਪੇਤਲੀਆਂ ਅਤੇ ਅਸੱਭਿਅਕ ਰਚਨਾਵਾਂ ਨਿਕਲ ਰਹੀਆਂ ਹਨ।

ਮੈਂ ਇਹ ਨਹੀਂ ਕਹਿ ਰਿਹਾ ਕਿ ਇੰਟਰਨੈੱਟ ‘’ਤੇ ਛਪ ਰਹੀ ਹਰ ਪੇਤਲੀ ਰਚਨਾ ਹੀ ਇਸੇ ਨਿਰਾਸ਼ਾ ਦਾ ਨਤੀਜਾ ਹੈ। ਸੱਚ ਹੈ ਕਿ ਨਵੇਂ ਖੁੱਲ੍ਹੇ, ਮੁਫ਼ਤ ਅਤੇ ਸੰਪਾਦਕੀ ਸੁਹਿਰਦਾ ਤੋਂ ਹੀਣ ਸਾਧਨਾਂ ਨੇ ਹਰ ਇਕ ਲਈ ਟੋਟਕੇਬਾਜ਼ ਲੇਖਕ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਇਸ ਹਨੇਰੀ ਵਿਚ ਸੁਹਿਰਦ ਰਚਨਾਕਾਰ ਨਵੇਂ ਮਾਧਿਅਮ ਵਿਚ ਵੀ ਨਪੀੜਿਆ ਗਿਆ ਹੈ। ਮੁੱਖ-ਧਾਰਾ ਵਿਚ ਉਹ ਪਹਿਲਾਂ ਹੀ ਪ੍ਰਬੰਧਕਾਰੀਆਂ, ਕੁਰਸੀਧਾਰੀਆਂ, ਐਵਾਰਡੀਆਂ, ਪ੍ਰਧਾਨਾਂ, ਅਹੁਦੇਦਾਰਾਂ, ਡੀਨਾਂ, ਗਾਇਡਾਂ, ਸਾਹਿਤ ਸਭਾਵਾਂ ਦੇ ਕਬਜ਼ਾਧਾਰੀਆਂ ਦੀ ਧੌਂਸ ਅੱਗੇ ਨਪੀੜਿਆ ਪਿਆ ਹੈ। ਇਸ ਨਵੀਂ ਪਨੀਰੀ ਨੂੰ ਨਾ ਅੱਗੇ ਕੋਈ ਰਾਹ ਲੱਭ ਰਿਹਾ ਹੈ ਅਤੇ ਨਾ ਹੀ ਪਿੱਛੇ

ਉਹ ਨਜ਼ਰਾਂ ਭਰ ਕੇ ਚੌਕੜੀ ਮਾਰ ਕੇ ਬੈਠੇ ਕਥਿਤ ਵਿਦਵਤਾ ਦਾ ਚੂਰਨ ਖਾ-ਖਾ ਕੇ ਮਾਹੌਲ ਨੂੰ ਘੁੱਟਣ ਭਰਿਆ ਬਣਾ ਰਹੇ ਕਬਜ਼ਾਧਾਰੀਆਂ ਵੱਲ ਦੇਖ ਰਹੇ ਹਨ ਕਿ ਕਦੋਂ ਉਹ ਜਗ੍ਹਾ ਖ਼ਾਲੀ ਕਰਨ ਅਤੇ ਉਨ੍ਹਾਂ ਨੂੰ ਸਾਹ ਲੈਣ ਦਾ ਮੌਕਾ ਮਿਲ ਸਕੇ। ਉਨ੍ਹਾਂ ਦੇ ਦਿਲ ਦੀ ਆਵਾਜ਼ ਹੈ ਕਿ ਜੇ ਪੰਜਾਬੀ ਵਿਦਵਾਨ ਸੱਚਮੁਚ ਚਾਹੁੰਦੇ ਹਨ ਕਿ ਪੰਜਾਬੀ ਦਾ ਭਲਾ ਹੋਵੇ ਤਾਂ 50 ਸਾਲ ਉਮਰ ਤੋਂ ਉੱਪਰ ਵਾਲਿਆਂ ਨੂੰ ਅੱਜ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ।

ਉਨ੍ਹਾਂ ਨੂੰ ਆਪਣੇ ਘਰ ਬੈਠ ਕੇ ਚਿੰਤਨ ਕਰਨਾ ਚਾਹੀਦਾ ਹੈ ਕਿ ਆਪਣੇ ਕਾਲ ਵਿਚ ਉਨ੍ਹਾਂ ਨੇ ਪੰਜਾਬੀ ਦੇ ਭਲੇ ਲਈ ਸੱਚਮੁਚ ਕੀ ਕੀਤਾ? ਨੌਜਵਾਨਾਂ ਨੂੰ ਪੰਜਾਬੀ ਨਾਲ ਜੋੜਨ ਲਈ ਕੀ ਕੀਤਾ? ਉਨ੍ਹਾਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਵਿਚ ਪੰਜਾਬੀ ਨੂੰ ਜਿਊਂਦੇ ਰੱਖਣ ਲਈ ਕੀ ਕੀਤਾ? ਚੰਗਾ ਹੋਵੇ ਜੇ ਉਹ ਆਪਣੇ ਕੀਤੇ ਸ਼ਲਾਘਾਯੋਗ ਕਾਰਜਾਂ ਅਤੇ ਉਨ੍ਹਾਂ ਵੱਲੋਂ ਹੋਈਆਂ ਕੁਤਾਹੀਆਂ ਦਾ ਇਕ ਦਸਤਾਵੇਜ਼ ਬਣਾਉਣ, ਪੰਜਾਬੀ ਅਕਾਡਮੀ ਵਰਗੀ ਇਕ ਸੰਸਥਾ ਹੋਵੇ, ਜਿਸ ਦੀ ਬਾਗਡੋਰ 50 ਸਾਲ ਤੋਂ ਘੱਟ ਉਮਰ ਵਾਲੇ ਲਿਖਣ-ਪੜ੍ਹਨ ਵਾਲਿਆਂ ਨੂੰ ਸੌਂਪ ਦਿੱਤੀ ਜਾਵੇ। ਉਹ ਉੱਪਰ ਦੱਸੇ ਅਨੁਸਾਰ ਸੇਵਾ-ਮੁਕਤ ਹੋਣ ਵਾਲੇ ਵਿਦਵਾਨਾਂ ਤੋਂ ਉਨ੍ਹਾਂ ਵੱਲੋਂ ਬਣਾਏ ਕਾਰਜਾਂ ਦੇ ਚਿੱਠੇ ਇਕੱਤਰ ਕਰਨ ਅਤੇ ਉਸ ਉੱਪਰ ਇਕ ਵਿਸ਼ਲੇਸ਼ਣ ਤਿਆਰ ਕਰਨ। ਇਸ ਵਿਸ਼ਲੇਸ਼ਣ ਦੇ ਆਧਾਰ ’ਤੇ ਅਗਲੇ ਪੰਜਾਹ ਸਾਲਾਂ ਦਾ ਖਾਕਾ ਤਿਆਰ ਕਰਨ। ਉਸ ਨੂੰ ਲਾਗੂ ਕਰਨ ਲਈ ਸਿਰ ਜੋੜ ਕੇ ਕੰਮ ਕਰਨ ਅਤੇ ਲੋੜ ਪੈਣ ’ਤੇ ਸੇਵਾ ਮੁਕਤ ਹੋਣ ਵਾਲੇ ਲੇਖਕਾਂ ਦੀ ਸਲਾਹ ਅਤੇ ਮਾਰਗ-ਦਰਸ਼ਨ ਲੈਣ। 

ਬਜ਼ੁਰਗ ਵਿਦਵਾਨੋ ਸੱਤਾ, ਪ੍ਰਧਾਨਗੀ ਅਤੇ ਸਨਮਾਨਾਂ ਦੀ ਲਾਸਲਾ ਛੱਡ ਕੇ ਜ਼ਰਾ ਰਾਹ ਪੱਧਰਾ ਕਰੋ। ਇਸ ਤੋਂ ਵੱਡਾ ਸਨਮਾਨ ਕੋਈ ਨਹੀਂ ਹੋਣਾ ਕਿ ਤੁਹਾਡੇ ਜਿਉਂਦੇ ਜੀ ਤੁਹਾਡੀ ਅਗਲੀ ਪੀੜ੍ਹੀ ਤੁਹਾਨੂੰ ਮਾਣ-ਸਤਿਕਾਰ ਦੇਵੇ ਅਤੇ ਤੁਹਾਡੇ ਬਾਅਦ ਵੀ ਤੁਹਾਨੂੰ ਯਾਦ ਰੱਖੇ। ਘਰ ਬੈਠੋ, ਆਰਾਮ ਕਰੋ, ਕੁਝ ਸੋਚੋ, ਕੁਝ ਲਿਖੋ। ਕੀ ਤੁਹਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ‘’ਤੇ ਵਿਸ਼ਵਾਸ ਨਹੀਂ ਜੇ ਤੁਸੀਂ ਸੱਚਮੁਚ ਸਨਮਾਨ ਦੇ ਹੱਕਦਾਰ ਹੋਵਗੇ ਤਾਂ ਉਹ ਆਪ ਤੁਹਾਨੂੰ ਸੱਦ ਕੇ ਸਨਮਾਨ ਦੇਣਗੇ। ਆਪੋ ਵਿਚ ਪ੍ਰਧਾਨਗੀਆਂ ਅਤੇ ਸਨਮਾਨਾਂ ਦੀਆਂ ਰੇਵੜੀਆਂ ਵੰਡ ਕੇ ਤੁਸੀਂ ਕੱਦੂ ਵਿਚ ਕਿਹੜਾ ਤੀਰ ਮਾਰ ਰਹੇ ਹੋ।

ਜੇ ਖਿਡਾਰੀ ਇਕ ਵਕਤ ਤੋਂ ਬਾਅਦ ਰਿਟਾਇਰ ਹੋ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ਰਿਟਾਇਰਮੈਂਟ ਓਸ ਚੌਧਰ ਤੋਂ ਲੈਣੀ ਹੈ, ਪ੍ਰਧਾਨਗੀਆਂ ਅਤੇ ਤਿਕੜਮਾ ਤੋਂ ਲੈਣੀ ਹੈ, ਜਿਹੜੀ ਨਾ ਤੁਹਾਨੂੰ ਟਿਕ ਕੇ ਬਹਿਣ ਦੇ ਰਹੀ ਹੈ ਅਤੇ ਇਨ੍ਹਾਂ ਦੇ ਚੱਕਰ ਵਿਚ ਨਾ ਤੁਸੀਂ ਆਪਣੇ ਵਰਗੇ ਹੋਰਾਂ ਨੂੰ ਟਿਕ ਬਹਿਣ ਦੇ ਰਹੇ ਹੋ ਨਾ ਨਵਿਆਂ ਨੂੰ। ਰਿਟਾਇਰਮੈਂਟ ਲਿਖਣ ਤੋਂ ਥੋੜ੍ਹੀ ਲੈਣੀ ਹੈ। ਪੜ੍ਹੋ, ਲਿਖੋ, ਰਸਾਲੇ ਚਲਾਓ, ਸੁੱਖ ਦਾ ਸਾਹ ਲਵੋ। ਬਾਕੀ ਸਭ ਕੁਝ ਅਗਲੀ ਪੀੜ੍ਹੀ ’ਤੇ ਛੱਡ ਦਿਓ। ਪੰਜਾਬੀ ਲਈ ਕੀਤਾ ਤੁਹਾਡਾ ਇਹ ਪੁੰਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

-ਦੀਪ ਜਗਦੀਪ ਸਿੰਘ, ਨਵੀਂ ਦਿੱਲੀ


Posted

in

,

by

Tags:

Comments

Leave a Reply

Your email address will not be published. Required fields are marked *