ਸਮਲਿੰਗੀ ਜੀਵਨ: ਕੱਚ, ਸੱਚ ਅਤੇ ਹੋਣੀ

(ਪਹਿਲੇ ਪੰਜਾਬੀ ਸਮਲਿੰਗੀ ਲੇਖਕ ਇਫ਼ਤਿਖ਼ਾਰ ਨਸੀਮ ਦੇ ਹਵਾਲੇ ਨਾਲ)

To download in PDF Click Here

Homosexuality Reality and Myths Research in Punjabi

ਸਮਲਿੰਗੀ ਕੌਣ ਹੈ?

ਮੋਟੇ ਤੌਰ ’ਤੇ ਗੇਅ ਜਾਂ ਸਮਲਿੰਗੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਦੂਸਰੇ ਜੈਂਡਰ ਨਾਲ ਨਹੀਂ ਆਪਣੇ ਹੀ ਜੈਂਡਰ ਦੇ ਸਾਥੀ ਨਾਲ ਜਿਨਸੀ ਸੰਬੰਧ ਬਣਾਉਂਦੇ ਹਨ। ਉਨ੍ਹਾਂ ਦੇ ਅੰਦਰ ਵਿਪਰੀਤ ਲਿੰਗ ਪ੍ਰਤੀ ਕੋਈ ਜਿਨਸੀ ਖਿੱਚ ਹੁੰਦੀ ਹੀ ਨਹੀਂ। ਸਮਾਜ ਵਿਚ ਆਮ ਤੌਰ ਤੇ ਇਸ ਨੂੰ ਨਾਮਰਦ, ਗ਼ੈਰ-ਕੁਦਰਤੀ, ਅਧਰਮੀ ਅਤੇ ਗਲੀਜ਼ ਪ੍ਰਵਿਰਤੀ ਦੇ ਤੌਰ ਭੰਡਿਆਂ ਜਾਂਦਾ ਹੈ, ਜਿਸਦਾ ਵੱਡਾ ਕਾਰਨ ਇਸ ਬਾਰੇ ਆਮ ਲੋਕਾਂ ਵਿਚ ਸਮਲਿੰਗੀ ਰਿਸ਼ਤਿਆਂ ਬਾਰੇ ਵਿਗਿਆਨਿਕ ਦ੍ਰਿਸ਼ਟੀ ਦੀ ਘਾਟ ਹੈ। ਉਸਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਮੁੱਢਲੇ ਦੌਰ ਵਿਚ ਇਸ ਬਾਰੇ ਜਿਹੜੀ ਖੋਜ ਹੋਈ ਉਸ ਵਿਚ ਵੀ ਇਸ ਨੂੰ ਡੇਵਿਏਸ਼ਨ ਯਾਨਿ ਭਟਕਣ ਜਾਂ ਵਿਚਲਣ ਦੇ ਤੌਰ ਤੇ ਦੇਖਿਆ ਗਿਆ।

ਮਨੋਵਿਗਿਆਨ ਦੇ ਪਿਤਾਮਾ ਕਹੇ ਜਾਂਦੇ ਸਿਗਮੰਡ ਫਰਾਇਡ ਆਪਣੀ ਕਿਤਾਬ ‘ਔਨ ਸੈਕਸੂਐਲਟੀ’ ਵਿਚ ਲਿਖਦੇ ਹਨ ਕਿ ਜਿਵੇਂ ਪੌਸ਼ਟਿਕਤਾ ਦੀ ਲੋੜ ਨੂੰ ਭੁੱਖ ਰਾਹੀਂ ਦਰਸਾਇਆ ਜਾਂਦਾ ਹੈ ਉਸੇ ਤਰ੍ਹਾਂ ਜਿਨਸੀ ਲੋੜ ਨੂੰ ਲਿਬੀਡੋ ਕਿਹਾ ਜਾਂਦਾ ਹੈ। ਫ੍ਰਾਈਡ ਕਹਿੰਦਾ ਹੈ, “ਪ੍ਰਚੱਲਿਤ ਧਾਰਨਾ ਹੈ ਤਾਂ ਇਹ ਹੈ ਕਿ ਪੁਰਸ਼ ਅੰਦਰ ਔਰਤ ਪ੍ਰਤੀ ਅਤੇ ਔਰਤ ਅੰਦਰ ਪੁਰਸ਼ ਪ੍ਰਤੀ ਜਿਨਸੀ ਖਿੱਚ ਹੁੰਦੀ ਹੈ, ਲੇਕਿਨ ਇਹ ਪੂਰੀ ਤਸਵੀਰ ਨਹੀਂ ਹੈ।” ਇੱਥੇ ਹੀ ਫ੍ਰਾਇਡ ਜਿਨਸੀ ਵਿਚਲਣ (ਸੈਕਸੁਅਲ ਡੀਵਿਏਇਸ਼ਨ) ਦਾ ਸੰਕਲਪ ਦਿੰਦਾ ਹੈ। ਜਿਸਨੂੰ ਉਹ ਦੋ ਭਾਗਾਂ ਵਿਚ ਵੰਡਦਾ ਹੈ। ਜਿਨਸੀ ਪਾਤਰ ਦੇ ਮਾਮਲੇ ਵਿਚ ਵਿਚਲਣ (ਡੀਵਿਏਇਸ਼ਨ ਇਨ ਰਿਸਪੈਕਟ ਔਫ਼ ਦ ਸੈਕਸੁਅਲ ਔਬਜੈਕਟ) ਅਤੇ  ਜਿਨਸੀ ਮਨੋਰਥ ਦੇ ਮਾਮਲੇ ਵਿਚ ਵਿਚਲਣ (ਡੀਵਿਏਇਸ਼ਨ ਇਨ ਰਿਸਪੈਕਟ ਔਫ਼ ਦ ਸੈਕਸੁਅਲ ਏਮ)।

ਸਮਲਿੰਗੀ ਪ੍ਰਵਿਰਤੀ ਪਾਤਰ ਵਾਲੇ ਵਿਚਲਣ ਨਾਲ ਸੰਬੰਧਿਤ ਵਿਸ਼ਾ ਹੈ। ਇਸ ਬਾਰੇ ਫਰਾਇਡ ਕਹਿੰਦਾ ਹੈ ਕਿ ਅਜਿਹੇ ਪੁਰਸ਼ ਵੀ ਹਨ ਜਿਨ੍ਹਾਂ ਅੰਦਰ ਜਿਨਸੀ ਖਿੱਚ ਦੀ ਭਾਵਨਾ ਔਰਤ ਪ੍ਰਤੀ ਨਹੀਂ ਬਲਕਿ ਪੁਰਸ਼ ਪ੍ਰਤੀ ਹੁੰਦੀ ਹੈ ਅਤੇ ਅਜਿਹਾ ਔਰਤਾਂ ਵੀ ਹਨ ਜਿਨ੍ਹਾਂ ਅੰਦਰ ਜਿਨਸੀ ਖਿੱਚ ਦੀ ਭਾਵਨਾ ਮਰਦ ਪ੍ਰਤੀ ਨਹੀਂ ਔਰਤ ਪ੍ਰਤੀ ਹੁੰਦੀ ਹੈ। ਫਰਾਇਡ ਇਸ ਭਾਵਨਾ ਵਾਲੇ ਵਿਅਕਤੀਆਂ ਨੂੰ ਵਿਪਰੀਤ ਜਿਨਸੀ ਭਾਵਨਾਵਾਂ (ਕੌਂਟਰੈਰੀ ਸੈਕਸੁਅਲ ਫੀਲੀਂਗ) ਵਾਲੇ ਜਾਂ ਪੁੱਠੇ ਜਾਂ ਉਲਟੇ (ਇਨਵਰਟਸ) ਵਿਅਕਤੀ ਕਹਿੰਦਾ ਹੈ।

ਜਦਕਿ 2010 ਵਿਚ ਛਪੀ ਅਮਰੀਕਨ ਮਨੋਵਿਗਿਆਨ ਅਸੋਸਿਏਸ਼ਨ ਦੀ ਇਕ ਰਿਪੋਰਟ ਕਹਿੰਦੀ ਹੈ, “ਕੋਈ ਵਿਅਕਤੀ ਹਮਜਿਨਸੀ ਕਿਉਂ ਹੁੰਦਾ ਹੈ ਇਸ ਬਾਰੇ ਕੋਈ ਪੱਕਾ ਕਾਰਨ ਸਥਾਪਤ ਨਹੀਂ ਹੋ ਸਕਿਆ ਹੈ-ਇੱਥੋਂ ਤੱਕ ਕਿ ਅਸੀਂ ਹਾਲੇ ਤੱਕ ਇਹ ਵੀ ਨਹੀਂ ਸਮਝ ਸਕੇ ਹਾਂ ਕਿ ਕੋਈ ਵਿਪਰੀਤ-ਜਿਨਸੀ (ਹੇਟਰੋਸੈਕਸੁਅਲ) ਕਿਉਂ ਹਨ। ਅਮਰੀਕਨ ਸਾਈਕੌਲਜੀਕਲ ਐਸੋਸੀਏਸ਼ਨ ਦਾ ਮੰਨਣਾ ਹੈ, “ਕਾਮ ਤਰਜੀਹ ਵਿਚ ਵਿਅਕਤੀ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਇੱਛਾ ਅਨੁਸਾਰ ਬਦਲਿਆ ਜਾ ਸਕਦਾ ਹੈ। ਕਾਮ ਤਰਜੀਹ ਵਾਤਾਵਰਣ, ਬੌਧਿਕ ਅਤੇ ਬਾਇਲੌਜਿਕਲ ਕਾਰਨ ਦੇ ਗੁੰਝਲਦਾਰ ਸੰਚਾਰ ਕਰਕੇ ਹੁੰਦਾ ਹੈ ਅਤੇ ਇਹ ਛੋਟੀ ਉਮਰ ਵਿਚ ਹੀ ਆਕਾਰ ਲੈ ਲੈਂਦਾ ਹੈ, ਇਸ ਵਿਚ ਬਾਇਲੌਜਿਕਲ, ਜੈਨੇਟਿਕ ਅਤੇ ਜਮਾਂਦਰੂ ਹਾਰਮੋਨਲ ਕਾਰਨ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।”

ਰਾਇਲ ਕਾਲਜ ਔਫ਼ ਸਾਇਕੈਟਰਿਸਟਸ ਦੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ, “ਪਾਲਣ-ਪੋਸ਼ਣ ਅਤੇ ਛੋਟੀ ਉਮਰ ਦੀਆਂ ਘਟਨਾਵਾਂ ਦੀ ਇਸ ਵਿਚ ਭੂਮਿਕਾ ਹੋਣ ਦੇ ਕੋਈ ਪ੍ਰਮਾਣ ਨਹੀਂ ਮਿਲਦਾ।” ਅਮਰੀਕਨ ਸਾਈਕੌਲਜੀਕਲ ਐਸੋਸੀਏਸ਼ਨ ਦੀ (2013) ਵਿਗਿਆਨਕ ਖੋਜ ਸਾਫ਼ ਤੌਰ ਤੇ ਕਹਿੰਦੀ ਹੈ, “ਹਮਜਿਨਸੀ ਪ੍ਰਵਿਰਤੀ ਮਨੁੱਖੀ ਕਾਮ ਤਰਜੀਹਾਂ ਦਾ ਬਿਲਕੁਲ ਸੁਭਾਵਿਕ ਅਤੇ ਕੁਦਰਤੀ ਵਿਕਲਪ ਜਾਂ ਰੂਪ ਹੈ ਅਤੇ ਇਸ ਦਾ ਕੋਈ ਵੀ ਨਕਾਰਾਤਮਕ ਮਨੋਵਿਗਿਆਨਕ ਪ੍ਰਭਾਵ ਨਹੀਂ ਹੈ।” ਯਾਨਿ ਆਧੁਨਿਕ ਖੋਜਾਂ ਸਾਫ਼ ਤੌਰ ਤੇ ਇਸ ਨੂੰ ਵਿਚਲਣ ਨਹੀਂ ਵਿਕਲਪ ਮੰਨਦੀਆਂ ਹਨ। ਭਾਵ ਸਮਲਿੰਗੀ ਲਿਬੀਡੋ ਤੋਂ ਸਮਲਿੰਗੀ ਹੁੰਦਾ ਹੈ। ਇਹ ਕੋਈ ਵਿਕ੍ਰਤੀ ਜਾਂ ਊਣਤਾਈ ਜਾਂ ਡਿਸਔਡਰ ਨਹੀਂ ਹੁੰਦਾ ਬਲਕਿ ਉਸਦੀ ਜੈਨੇਟਿਕ ਡਿਵੈਲਪਮੈਂਟ ਹੀ ਮੂਲ ਵਿਚ ਸਮਲਿੰਗੀ ਦੇ ਤੌਰ ’ਤੇ ਹੋਈ ਹੁੰਦੀ ਹੈ।

ਇਫ਼ਤੀ ਆਪਣੀ ਤਿੰਨ ਚਿਹਰਿਆਂ ਵਾਲਾ ਰੱਕਾਸ (ਨ੍ਰਿਤਕ) ਵਿਚ ਇਸ ਦਾ ਪ੍ਰਮਾਣ ਕੁਝ ਇਸ ਤਰ੍ਹਾਂ ਦਿੰਦਾ ਹੈ-

ਮੇਰੀ ਖ਼ਾਹਿਸ਼ ਦੇ ਅਸਥਾਨ ’ਤੇ

ਦੇਵੀ ਨਹੀਂ-

ਦੇਵਤਾ ਹੈ-

ਜਿਸ ਦੇ ਸਾਵੇਂ੍ਹ

ਮੈਂ ਸਦੀਆਂ ਦਾ ਵਸਲ ਪਿਆਸਾ

ਤੀਸਰੇ ਰੂਪ ’ਚ ਨੱਚ ਰਿਹਾ ਹਾਂ…!!!

ਸਮਲਿੰਗੀਆਂ ਬਾਰੇ ਮਿੱਥਾਂ

ਹਾਲੇ ਤੱਕ ਸਾਮਾਜਿਕ ਪੱਧਰ ਤੇ ਕਿਉਂਕਿ ਸਮਲਿੰਗੀ ਪ੍ਰਵਿਰਤੀ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖਿਆ ਨਹੀਂ ਜਾਣ ਲੱਗਿਆ ਇਸ ਕਰਕੇ ਸਮਲਿੰਗੀਆਂ ਬਾਰੇ ਕੁਝ ਮਿੱਥਾਂ ਪਾਈਆਂ ਜਾਂਦੀਆਂ ਹਨ।

ਨਾਮਰਦ-ਮਿੱਥ (ਬੱਬਾ ਮਿੱਥ)

ਕਿਸੇ ਵੀ ਸਮਲਿੰਗੀ ਮਰਦ ਬਾਰੇ ਇਹ ਮਿੱਥ ਬਹੁਤ ਆਮ ਹੈ ਕਿ ਉਹ ਜ਼ਰੂਰ ਨਾਮਰਦ (ਬੱਬਾ) ਹੈ ਇਸੇ ਲਈ ਸਮਲਿੰਗੀ ਹੈ। ਇਸ ਪਿੱਛੇ ਜਿਨਸੀ ਸੰਬੰਧਾਂ ਬਾਰੇ ਮਰਦਾਊਂ ਦਾਬੇ ਵਾਲੀ ਸੋਚ ਕੰਮ ਕਰਦੀ ਹੈ। ਇਸਨੂੰ ਸਮਝਣ ਲਈ ਵਿਪਰੀਤ-ਜਿਨਸੀ ਰਿਸ਼ਤਿਆਂ ਵਿਚ ਮਰਦ ਅਤੇ ਔਰਤ ਦੀ ਭੂਮਿਕਾ ਬਾਰੇ ਜੋ ਮਾਨਸਿਕਤਾ ਹੈ ਉਸ ਨੂੰ ਧਿਆਨ ਵਿਚ ਰੱਖਣਾ ਪਵੇਗਾ। ਵਿਪਰੀਤ-ਜਿਨਸੀ ਰਿਸ਼ਤਿਆਂ ਵਿਚ ਭਾਵੇਂ ਆਮ ਸਾਮਾਜਿਕ ਸਹਿਹੋਂਦ ਜਾਂ ਸਹਿਚਾਰ ਦੀ ਗੱਲ ਹੋਵੇ ਜਾਂ ਸਹਿਵਾਸ ਦੀ ਪ੍ਰਸਥਿਤੀ ਹੋਵੇ ਹਰ ਹਾਲਤ ਵਿਚ ਔਰਤ ਨੂੰ ਕੌਮਪ੍ਰੌਮਾਈਜ਼ ਕਰਨ ਵਾਲੀ ਜਾਂ ਦੇਣ ਵਾਲੀ ਸਮਝਿਆ ਜਾਂਦਾ ਹੈ ਜਦਕਿ ਮਰਦ ਨੂੰ ਦਾਬੇ ਵਾਲਾ, ਹਾਸਲ ਕਰਨ ਵਾਲਾ ਜਾ ਲੈਣ ਵਾਲਾ ਮੰਨਿਆਂ ਜਾਂਦਾ।

ਸਿਰਫ਼ ਦੇਣ ਦੇ ਹੀ ਯੋਗ ਵਾਲੇ ਨਜ਼ਰੀਏ ਤੋਂ ਔਰਤ ਨੂੰ ਹਮੇਸ਼ਾ ਹੀਣੀ ਸਥਿਤੀ ਵਿਚ ਰੱਖਿਆ ਜਾਂਦਾ ਹੈ। ਉਸਦਾ ਕਾਰਨ ਇਹ ਹੈ ਕਿ ਸਹਿਵਾਸ ਦੀ ਰਿਵਾਇਤੀ ਮੁਦਰਾ ਵਿਚ ਔਰਤ ਹੇਠਾਂ ਅਤੇ ਪੁਰਸ਼ ਉੱਪਰ ਹੁੰਦਾ ਹੈ। ਇਸ ਮੁਦਰਾ ਨੂੰ ਆਧਾਰ ਬਣਾ ਕੇ ਸੈਕਸੁਐਲਿਟੀ ਦੀ ਤਕਨੀਕੀ ਭਾਸ਼ਾ ਵਿਚ ਔਰਤ ਨੂੰ ਬੌਟਮ ਅਤੇ ਪੁਰਸ਼ ਨੂੰ ਟੌਪ ਕਿਹਾ ਜਾਂਦਾ ਹੈ। ਇਸ ਮਾਨਸਿਕਤਾ ਨਾਲ ਜਦੋਂ ਕਿਸੇ ਸਮਲਿੰਗੀ ਬਾਰੇ ਵਿਚਾਰ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਮਨ ਲਿਆ ਜਾਂਦਾ ਹੈ ਕਿ ਉਹ ਬੌਟਮ ਹੈ, ਉਹ ਉੱਪਰ ਵਾਲੀ ਭੂਮਿਕਾ ਨਹੀਂ ਨਿਭਾ ਸਕਦਾ, ਇਸ ਲਈ ਹੇਠਾਂ ਹੈ, ਇਸ ਲਈ ਸਮਲਿੰਗੀ ਹੈ ਅਤੇ ਸੁੱਧੇ ਸਿੱਧ ਮੰਨ ਲਿਆ ਜਾਂਦਾ ਹੈ ਕਿ ਨਾਮਰਦ (ਬੱਬਾ) ਹੈ। ਇਸ ਮਿੱਥ ਨੂੰ ਇਫ਼ਤੀ ਆਪਣੀ ਕਵਿਤਾ ‘ਇਕ ਹੋਰ ਆਵਾਜ਼’ ਰਾਹੀਂ ਤੋੜਦਾ ਹੈ-

ਮੈਂ ਇਨ੍ਹਾਂ ਲੋਕਾਂ ਤੋਂ ਵੱਖਰਾ ਹਾਂ

ਇਸ ਵਾਸਤੇ ਕਿ ਮੇਰੇ ਅੰਦਰ

ਔਰਤ ਵੀ ਹੈ – ਮਰਦ ਵੀ ਹੈ

ਮੈਂ ਕਾਲ਼ਾ ਵੀ ਹਾਂ – ਗੋਰਾ ਵੀ ਹਾਂ

ਮੈਂ ਜ਼ਰਦ ਵੀ ਹਾਂ – ਸਬਜ਼ ਵੀ ਹਾਂ

ਮੇਰੇ ਅੰਦਰ ਤਾਕਤ ਹੈ ਮਰਦ ਦੀ

ਤੇ ਸੰਵੇਦਨਾ ਹੈ ਔਰਤ ਦੀ

ਮੇਰੀ ਸ਼ਕਤੀ ਤੋਂ ਇਹ ਲੋਕ ਖ਼ੌਫ਼ਜ਼ਦਾ ਨੇ

ਅਸਲ ਵਿਚ ਵਿਪਰੀਤ-ਜਿਨਸੀਆਂ ਵਾਂਗ ਹੀ ਹਮਜਿਨਸੀਆਂ ਵਿਚ ਵੀ ਪਤੀ ਅਤੇ ਪਤਨੀ ਹੁੰਦੇ ਹਨ। ਸਮਲਿੰਗੀ ਤਿੰਨ ਕਿਸਮ ਦੇ ਹੁੰਦੇ ਹਨ।

ਟੌਪ- ਜੋ ਜਮਜਿਨਸੀ ਸੰਬੰਧ ਦੌਰਾਨ ਕੇਵਲ ਤੇ ਕੇਵਲ ਰਿਵਾਇਤੀ ਪੁਰਸ਼ ਵਾਲੀ ਭੂਮਿਕਾ ਨਿਭਾਉਂਦੇ ਹਨ।

ਬੌਟਮ- ਜੋ ਜਮਜਿਨਸੀ ਸੰਬੰਧ ਦੌਰਾਨ ਕੇਵਲ ਤੇ ਕੇਵਲ ਰਿਵਾਇਤੀ ਔਰਤ ਵਾਲੀ ਭੂਮਿਕਾ ਨਿਭਾਉਂਦੇ ਹਨ।

ਵਰਸੇਟਾਈਲ- ਜੋ ਦੋਵੇਂ ਭੂਮਿਕਾਵਾਂ ਨਿਭਾ ਸਕਦੇ ਹਨ ਅਤੇ ਲੋੜ ਅਨੁਸਾਰ ਆਪਣੀ ਸਥਿਤੀ ਟੌਪ ਜਾਂ ਬੌਟਮ ਵਿਚ ਬਦਲ ਲੈਂਦੇ ਹਨ।

ਭਾਵ ਕਿ ਹਮਜਿਨਸੀ ਹੋਣ ਪਿੱਛੇ ਮਰਦਾਨਗੀ ਦੀ ਘਾਟ ਕੇਵਲ ਇਕ ਭਰਮ ਹੈ, ਅਸਲ ਵਿਚ ਸਮਲਿੰਗੀ ਪੁਰਸ਼ਾਂ ਵਿਚ ਔਰਤ ਪ੍ਰਤੀ ਕੁਦਰਤੀ ਖਿੱਚ ਨਹੀਂ ਹੁੰਦੀ ਅਤੇ ਉਹ ਸਮਲਿੰਗੀ ਪੁਰਸ਼ ਸਾਥੀ ਵਿਚੋਂ ਹੀ ਔਰਤ ਜਾਂ ਪੁਰਸ਼ ਸਾਥੀ ਦੀ ਭਾਲ ਕਰਦੇ ਹਨ ਅਤੇ ਆਪਣੀ ਜਿਨਸੀ ਪ੍ਰਵਿਰਤੀ ਮੁਤਾਬਿਕ ਭੂਮਿਕਾ ਨਿਭਾਉਂਦੇ ਹਨ। ਪਰੰਤੂ ਇਸ ਮਿੱਥ ਤਹਿਤ ਜਦੋਂ ਸਮਲਿੰਗੀ ਨੂੰ ਨਾਮਰਦ ਮੰਨ ਲਿਆ ਜਾਂਦਾ ਹੈ ਤਾਂ ਉਸ ਲਈ ਸੰਬੋਧਨ ਦੇ ਜੋ ਸ਼ਬਦ ਵਰਤੇ ਜਾਂਦੇ ਹਨ, ਉਹ ਉਸ ਅੰਦਰ ਗਹਿਰੀ ਹੀਣ ਭਾਵਨਾ ਭਰ ਦਿੰਦੇ ਹਨ। ਇੱਥੋਂ ਤੱਕ ਕਿ ਕਿਸੇ ਗ਼ੈਰ-ਸਮਲਿੰਗੀ ਮਰਦ ਨੂੰ ਨੀਵਾਂ ਦਿਖਾਉਣ ਲਈ ਅਜਿਹਾ ਭੱਦਾ ਸ਼ਬਦ (ਬੱਬਾ) ਵਰਤਿਆ ਜਾਂਦਾ ਹੈ। ਜੋ ਅਸਿੱਧੇ ਤੌਰ ਤੇ ਸਮਲਿੰਗੀ ਨੂੰ ਗਾਹਲ ਦੇਣ ਵਰਗਾ ਹੁੰਦਾ ਹੈ।

ਸਾਡੀ ਗਾਲ੍ਹਾਂ ਦੀ ਪਰੰਪਰਾਂ ਨੂੰ ਜੇ ਗੌਰ ਨਾਲ ਦੇਖਿਆ ਜਾਵੇ ਤਾਂ ਗਾਹਲ ਮਰਦ ਨੂੰ ਦਿੱਤੀ ਜਾਂਦੀ ਹੈ ਪਰ ਉਸ ਵਿਚ ਠੇਸ ਔਰਤ ਦੀ ਮਰਿਆਦਾ ਨੂੰ ਪਹੁੰਚਾਈ ਜਾਂਦੀ ਹੈ, ਜੋ ਕਿ ਮਰਦਾਊਂ ਦਾਬੇ ਵਾਲੀ ਨੈਤਿਕਤਾ ਦੇ ਮੂਲ ਸੰਕਲਪ ਉੱਪਰ ਹੀ ਸਵਾਲ ਲਾਉਂਦੀ ਹੈ। ਇਫ਼ਤੀ ਜੋ ਕਿ ਆਪ ‘ਵਰਸੇਟਾਈਲ ਗੇਅ’ ਸੀ ਆਪਣੀ ਕਵਿਤਾ ‘ਗੁੱਡੀਆਂ ਬਨਾਮ ਔਰਤ’ ਵਿਚ ਮਰਦਾਊਂ ਦਾਬੇ ਦੀ ਇਸ ਦੋਹਰੀ ਨੈਤਿਕਤਾ ਨੂੰ ਬਹੁਤ ਹੀ ਸੂਖਮਤਾ ਅਤੇ ਬੇਬਾਕੀ ਨਾਲ ਫੜ੍ਹਦਾ ਹੈ। ਨਾ ਸਿਰਫ਼ ਉਹ ਇਸ ਨੈਤਿਕਤਾ ’ਤੇ ਸਵਲਾ ਖੜ੍ਹੇ ਕਰਦਾ ਹੈ ਬਲਕਿ ਇਹ ਸਥਾਪਿਤ ਕਰਨ ਦੀ ਕੋਸ਼ਿਸ ਕਰਦਾ ਹੈ ਕਿ ਔਰਤ ਦੀ ਸੰਵੇਦਨਾ ਨੂੰ ਸਮਝਣ ਲਈ ਉਸਨੂੰ ਮਰਦ ਦੇ ਨਜ਼ਰੀਏ ਤੋਂ ਨਹੀਂ ਗੇਅ ਦੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਕਵਿਤਾ ਦੀਆਂ ਸਤਰਾਂ ਦੇਖੋ-

ਮੈਨੂੰ ਬਚਪਨ ਤੋਂ ਹੀ

ਗੁੱਡੀਆਂ ਨਾਲ ਖੇਡਣਾ ਚੰਗਾ ਲੱਗਦਾ ਸੀ

ਮੇਰੇ ਹਮਜੋਲੀ

ਜਦ ਹਵਾਈ ਜ਼ਹਾਜ਼

ਘੋੜੇ

ਬੈਲ

ਕ੍ਰਿਕਟ

ਹਾਕੀ

ਫੁੱਟਬਾਲ

ਯਾਨੀ ਸਭ ਮਰਦਾਨਾ ਖੇਡਾਂ ਖੇਡਦੇ ਸਨ

ਉਦੋਂ ਮੈਂ

ਗੁੱਡੀਆਂ ਦੇ ਵਾਲ ਸੰਵਾਰਿਆ ਕਰਦਾ ਸੀ

ਹੁਣ ਜਦੋਂ ਮੈਂ 

ਗੁੱਡੀਆਂ ਨਾਲ ਖੇਡਣ ਦੀ

ਉਮਰ ਪਾਰ ਕਰ ਚੁੱਕਾ ਹਾਂ

ਤਾਂ ਮੇਰੇ ਹਮਜੋਲੀ

ਹੁਣ ‘ਗੁੱਡੀਆਂ’ ਨਾਲ ਖੇਡਦੇ ਹਨ

ਅਤੇ ਖੇਲ ਕੇ ਉਹਨਾਂ ਨੂੰ ਸੁੱਟ ਦਿੰਦੇ ਹਨ

ਉਹ ਉਨ੍ਹਾਂ ਨਾਲ ਅਜਿਹਾ ਹੀ ਸਲੂਕ ਕਰਦੇ ਹਨ

ਜਿਸ ਤਰ੍ਹਾਂ ਕੋਈ ਬੱਚਾ

ਆਪਣੇ ਖਿਡੌਣਿਆਂ ਨਾਲ ਕਰਦਾ ਹੈ

ਕਾਸ਼! ਮੇਰੇ ਹਮਜੋਲੀ ਗੁੱਡੀਆਂ ਨਾਲ ਖੇਡੇ ਹੁੰਦੇ

ਬਲਾਤਕਾਰੀ ਮਿੱਥ

ਹਮਜਿਨਸੀਆਂ ਬਾਰੇ ਇਕ ਹੋਰ ਅਜੀਬ ਮਿੱਥ ਇਹ ਹੈ ਕਿ ਇਹ ਹਮੇਸ਼ਾ ਕਿਸੇ ਨਾ ਕਿਸਾ ਨੂੰ ਆਪਣੀ ਜਿਨਸੀ ਭੁੱਖ ਦਾ ਸ਼ਿਕਾਰ ਬਣਾਉਣ ਦਾ ਮੌਕਾ ਭਾਲਦੇ ਰਹਿੰਦੇ ਹਨ। ਖ਼ਾਸ ਕਰ ਉਮਾਰਦਰਾਜ਼ ਸਮਲਿੰਗੀਆਂ ਬਾਰੇ ਇਹ ਸੋਚ ਹੈ ਕਿ ਉਹ ਅਲੱੜ੍ਹ ਉਮਰ ਦੇ ਮੁੰਡਿਆਂ ਨੂੰ ਭਰਮਾਉਂਣ ਦੀ ਕੋਸ਼ਿਸ਼ ਕਰਦੇ ਹਨ। ਸਾਰੇ ਸਮਲਿੰਗੀ ਵੀ ਉਵੇਂ ਹੀ ਬਲਾਤਕਾਰੀ ਨਹੀਂ ਹੁੰਦੇ ਜਿਵੇਂ ਸਾਰੇ ਮਰਦ ਬਲਾਤਕਾਰੀ ਨਹੀਂ ਹੁੰਦੇ।

ਸਮੱਸਿਆਵਾਂ

ਸਮਲਿੰਗੀਆਂ ਲਈ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੀ ਆਪਣੀ ਪਛਾਣ, ਆਪਣੀ ਹੋਂਦ ਹੀ ਹੈ। ਜਿਸ ਸਮਾਜ ਵਿਚ ਜਿਨਸੀ ਪਛਾਣ ਨੂੰ ਦਾਬੇ, ਧਾਰਮਿਕਤਾ, ਨੈਤਿਕਤਾ, ਕਿਰਦਾਰ ਅਤੇ ਆਰਥਿਕ ਤਾਕਤ ਦਾ ਲਾਇਸੰਸ ਮੰਨਿਆਂ ਜਾਂਦਾ ਹੋਵੇ, ਉਸ ਸਮਾਜ ਵਿਚ ਹਮਜਿਨਸੀ ਪਛਾਣ ਵਿਅਕਤੀ ਨੂੰ ਕਮਜ਼ੋਰ, ਅਧਰਮੀ, ਅਨੈਤਿਕ, ਕਿਰਦਾਰਹੀਣ ਅਤੇ ਆਰਥਿਕ ਤੌਰ ’ਤੇ ਹੀਣਾ ਕਰ ਦਿੰਦੀ ਹੈ। ਇਫ਼ਤੀ ਆਪਣੀ ਕਵਿਤਾ ਪੀ-ਨਾਇਲ ਕੋਡ-377 (ਪੁਰਸ਼ ਲਿੰਗ ਕੋਡ-377) ਵਿਚ ਹਮਜਿਨਸੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਛੋਹਣ ਦਾ ਯਤਨ ਕਰਦਾ ਹੈ-

ਮੈਂ ਜਦ ਵੀ

ਤੈਨੂੰ  ਮੁਕੰਮਲ ਹੋਣ ਦਾ

ਫ਼ੈਸਲਾ ਕਰਨ ਲਈ ਕਿਹਾ

ਤੂੰ ਕਦੇ ਮਜ਼ਹਬ

ਕਦੇ ਸਮਾਜ

ਕਦੇ ਕਾਨੂੰਨ

ਕਦੇ ਇਨਸਾਨੀ ਨਸਲ ਦੇ

ਉਗਮਣ ਅਤੇ ਵਿਗਸਣ ਦਾ

ਹਵਾਲਾ ਦੇ ਕੇ

ਮੈਨੂੰ ਆਪਣੀਆਂ ਸੋਚਾਂ ਦੇ

ਹਨੇਰੇ ਖੂਹ ਵਿਚ ਸੁੱਟ ਦਿੱਤਾ

ਇਸ ਕਵਿਤਾ ਦੇ ਹਵਾਲੇ ਨਾਲ ਕੁਝ ਸਮੱਸਿਆਵਾਂ ਬਾਰੇ ਵਿਚਾਰ ਕਰਦੇ ਹਾਂ।

ਸਮਾਜਿਕ ਦਬਾਅ

ਵਿਗਿਆਨਿਕ ਤੌਰ ’ਤੇ ਇਹ ਗੱਲ ਪ੍ਰਮਾਣਿਤ ਹੈ ਕਿ ਅੱਲੜ ਉਮਰ ਵਿਚ ਹੀ ਵਿਅਕਤੀ ਨੂੰ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਉਸਦੀ ਜਿਨਸੀ ਪ੍ਰਵਿਰਤੀ ਕਿਹੜੀ ਹੈ। ਜਵਾਨ ਹੁੰਦੇ ਹਮਜਿਨਸੀ ਦੀ ਸੱਭ ਤੋਂ ਵੱਡੀ ਸਮੱਸਿਆ ਦੁਚਿੱਤੀ ਦੀ ਹੈ। ਉਹ ਆਲੇ-ਦੁਆਲੇ ਦੇਖਦਾ ਹੈ ਕਿ ਉਸ ਦੀ ਉਮਰ ਦੇ ਮੁੰਡੇ ਕੁੜੀਆਂ ਵਿਪਰੀਤ ਲਿੰਗ ਪ੍ਰਤੀ ਆਕਰਸ਼ਿਤ ਹੋ ਰਹੇ ਹਨ, ਪਰ ਆਪਣੇ ਬਾਰੇ ਅਹਿਸਾਸ ਹੁੰਦਾ ਕਿ ਉਹ ਆਪਣੇ ਲਿੰਗ ਵਾਲੇ ਵਿਅਕਤੀ ਪ੍ਰਤੀ ਹੀ  ਖਿੱਚਿਆ ਜਾ ਰਿਹਾ ਤਾਂ ਉਸਨੂੰ ਸਮਝ ਨੀ ਆਉਂਦੀ ਕਿ ਇਹ ਭਰਮ ਹੈ ਜਾਂ ਕੋਈ ਗੜਬੜ ਹੈ ਜਾਂ ਫਿਰ ਉਹ ਸੱਚਮੁੱਚ ਹਮਜਿਨਸੀ ਹੈ। ਜਦੋਂ ਇਸ ਬਾਰੇ ਇੰਨੀ ਜਾਣਕਾਰੀ ਨਹੀਂ ਸੀ ਹੁੰਦੀ ਤਾਂ ਉਦੋਂ ਆਪਣੇ ਆਪ ਬਾਰੇ ਕਿਸੇ ਨਿਰਣੇ ਤੇ ਪਹੁੰਚਣਾ ਹੀ ਮੁਸ਼ਕਿਲ ਹੁੰਦਾ ਸੀ।

ਹੁਣ ਜਦੋਂ ਇਸ ਬਾਰੇ ਕਾਫ਼ੀ ਚਰਚਾ ਹੋਣ ਲੱਗ ਪਈ ਹੈ ਤਾਂ ਘੱਟੋ-ਘੱਟ ਅਜਿਹੇ ਮੋੜ ਤੇ ਬੱਚੇ ਨੂੰ ਸਮਝ ਆਉਣ ਲੱਗ ਜਾਂਦਾ ਹੈ, ਪਰ ਉਹ ਚਾਹੁੰਦਾ ਹੈ ਕਿ ਇਸ ਬਾਰੇ ਪੱਕਾ ਯਕੀਨ ਕਰ ਸਕੇ, ਪਰ ਕਿਸੇ ਤੋਂ ਇਸ ਦਾ ਜਵਾਬ ਉਸਨੂੰ ਨਹੀਂ ਮਿਲਦਾ। ਹਾਲੇ ਵੀ ਸਾਡੇ ਸਮਾਜ ਵਿਚ ਮਾਪੇ ਹਮਜਿਨਸੀ ਪ੍ਰਵਿਰਤੀ ਬਾਰੇ ਓਨੇ ਸਹਿਜ ਨਹੀਂ ਹੋਏ ਕਿ ਬੱਚੇ ਦੇ ਅਜਿਹੇ ਸਵਾਲ ਨੂੰ ਠਰੰਮੇ ਨਾਲ ਸੁਣ ਸਕਣ, ਹੱਲ ਤਾਂ ਬਹੁਤ ਦੂਰ ਦੀ ਗੱਲ ਹੈ।

ਅਗਲਾ ਜ਼ਰੀਆ ਦੋਸਤ ਹੁੰਦੇ ਹਨ ਪਰ ਜੋ ਸਮਾਜ ਵਿਚ ਗੇਅਜ਼ ਬਾਰੇ ਨਜ਼ਰੀਆ ਹੈ, ਜੇ ਕਿਸੇ ਦੋਸਤ ਤੇ ਭਰੋਸਾ ਕਰਕੇ ਦੱਸ ਵੀ ਦਿੱਤਾ ਜਾਵੇ ਤਾਂ ਇਹ ਡਰ ਰਹਿੰਦਾ ਹੈ ਕਿਤੇ ਉਹ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਵੇ। ਹਾਰ ਕੇ ਉਹ ਇਕਲਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਆਪਣੀ ਹਮਜਿਨਸੀ ਪਛਾਣ ਨੂੰ ਜ਼ਾਹਰ ਨਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਇਕੱਲਤਾ ਅਤੇ ਪਛਾਣ ਉੱਪਰ ਮਖੌਟੇ ਦੀ ਵੇਦਨਾ ਨੂੰ ਇਫ਼ਤੀ ਆਪਣੀ ਕਵਿਤਾ ‘ਇਕ ਸਮਲਿੰਗੀ ਵਿਅਕਤੀ’ ਰਾਹੀਂ ਬਿਆਨ ਕਰਦਾ ਹੈ-

ਮੇਰੇ ਸਾਰੇ ਹਮਉਮਰ ਮੈਨੂੰ

ਅਲੱੜਪੁਣੇ ਦੇ ਇਸ ਮੋੜ ’ਤੇ ਛੱਡ ਕੇ ਜਾ ਚੁੱਕੇ ਨੇ

ਇਕੱਲਾ ਮੈਂ

ਉਸ ਸਖ਼ਸ ਦੀ ਇੰਤਜ਼ਾਰ ’ਚ ਹਾਂ

ਜੋ ਮੇਰੇ ਕਬੀਲੇ ਦਾ ਹੋਵੇਗਾ

ਜੋ ਮੇਰੇ ਬਦਨ ਦੇ ਰਹੱਸ ਬੁੱਝੇਗਾ

ਮੇਰੀ ਰੂਹ ਦੇ ਹਰੇਕ ਗੁਪਤ ਰਸਤੇ ’ਤੇ ਤੁਰੇਗਾ

ਮੈਨੂੰ ਆਪਣੇ ਚਿਹਰੇ ’ਤੇ-

ਕੋਈ ਮਖੌਟਾ ਪਹਿਨਣ ਦੀ ਖ਼ਾਹਿਸ਼ ਬਾਕੀ ਨਹੀਂ ਰਹੇਗੀ

ਉਹ ਕਿੱਥੇ ਹੈ ਜਿਸ ਵਾਸਤੇ

ਮੈਂ ਅਸੀਮਤ ਸਫ਼ਰ ਕਰ ਰਿਹਾ ਹਾਂ

ਇਫ਼ਤੀ ਨੂੰ ਵੀ ਬਚਪਨ ਤੋਂ ਹੀ ਆਪਣੇ ਹਮਜਿਨਸੀ ਹੋਣ ਬਾਰੇ ਪਤਾ ਲੱਗ ਗਿਆ। ਸਮਲਿੰਗੀਆਂ ਦੇ ਦਰਦ ਬਿਆਨ ਕਰਦੀਆਂ ਉਸਦੀਆਂ ਕਵਿਤਾਵਾਂ ਜਦੋਂ ਸੱਤਾ ਨੂੰ ਵੰਗਾਰਨ ਲੱਗੀਆਂ ਤਾਂ ਸੋਲ੍ਹਾਂ ਸਾਲ ਦੀ ਉਮਰ ਵਿਚ ਭਰੀ ਮਹਿਫ਼ਿਲ ਵਿਚ ਕਵਿਤਾ ਪੜ੍ਹਦੇ ਨੂੰ ਇਕ ਸਿਪਾਹੀ ਨੇ ਉਸ ਉੱਪਰ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ ਚੀਰ ਗਈ।ਉਸ ਦੀ ਕਾਮ ਤਰਜੀਹ ਕਰਕੇ ਇਕ ਮੁਸਲਮਾਨ ਵਿਅਕਤੀ ਨੇ ਲਾਇਲਪੁਰ (ਪਾਕਿਸਤਾਨ) ਰਹਿੰਦਿਆਂ ਉਸ ਦੇ ਘਰ ਅੰਦਰ ਆ ਕੇ ਚਾਕੂ ਨਾਲ ਹਮਲਾ ਕਰ ਦਿੱਤਾ।

ਉਹ ਇਨ੍ਹਾਂ ਗੱਲਾਂ ਤੋਂ ਐਨਾ ਨਹੀਂ ਡਰਿਆ ਜਿੰਨ੍ਹਾਂ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਕਿ ਉਸਦੇ ਮਾਪਿਆਂ ਨੇ ਉਸਦੀ ਵੱਖਰੀ ਕਾਮ ਪ੍ਰਵਿਰਤੀ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਉਨ੍ਹਾਂ ਨੂੰ ਉਸਦੇ ਸਮਲਿੰਗੀ ਹੋਣ ਦਾ ਪਤਾ ਲੱਗਾ ਤਾਂ ਉਹ ਉਸਦਾ ਵਿਆਹ ਕਰਨ ਲਈ ਕਾਹਲੇ ਪੈ ਗਏ ਪਰ ਇਫ਼ਤੀ ਨੂੰ ਕੁੜੀਆਂ ਦੀ ਚਾਹਤ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਉਸਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦਾ ਸੀ। ਉਸ ਵੇਲੇ ਉਹ ਬਹਾਨਾ ਲਾ ਕੇ ਅਮਰੀਕਾ ਆ ਗਿਆ ਅਤੇ ਫਿਰ ਵਾਪਸ ਪਾਕਿਸਤਾਨ ਨਹੀਂ ਗਿਆ। ਹਰ ਸਮਲਿੰਗੀ ਨਾਲ ਇਹੀ ਹੁੰਦਾ ਹੈ ਕਿ ਪਰਿਵਾਰ ਵਾਲੇ ਰਿਵਾਇਤੀ ਤੌਰ ਤੇ ਉਸ ਦੇ ਵਿਆਹ ਦੀਆਂ ਗੋਂਦਾ ਗੁੰਦਦੇ ਹਨ।

ਵੈਸੇ ਵੀ ਸਮਾਜ ਵਿਚ ਇਕ ਲੰਮੇ ਸਮੇਂ ਤੋਂ ਜਿਨਸੀ ਸੰਬੰਧਾਂ ਨੂੰ ਵੰਸ਼ ਵਾਧੇ ਦਾ ਮਾਧਿਅਮ ਮੰਨਿਆ ਜਾਂਦਾ ਹੈ। ਜਿਸ ਜਿਨਸੀ ਸੰਬੰਧ ਵਿਚੋਂ ਔਲਾਦ ਨਹੀਂ ਮਿਲਦੀ ਉਸ ਸੰਬੰਧ ਨੂੰ ਗ਼ੈਰਕੁਦਰਤੀ ਕਿਹਾ ਜਾਂਦਾ ਹੈ। ਇਹ ਸਵਾਲ ਕੀਤਾ ਜਾਂਦਾ ਹੈ ਕਿ ਜੇ ਇਸ ਤਰ੍ਹਾਂ ਹਮਜਿਨਸੀ ਰਿਸ਼ਤਿਆਂ ਨੂੰ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਆਬਾਦੀ ਦਾ ਅਨੁਪਾਤ ਵਿਗੜ ਜਾਵੇਗਾ। ਇਸ ਬਾਰੇ ਇਫ਼ਤੀ ਇਕ ਬਹੁਤ ਹੀ ਨਿੱਕੀ ਪਰ ਬੇਹੱਦ ਬੇਬਾਕ ਕਵਿਤਾ ਅਨੁਪਾਤ ਰਾਹੀਂ ਸਵਾਲ ਕਰਦਾ ਹੈ-

ਕਿਸੇ ਵੀ ਸੁਸਾਇਟੀ ਵਿਚ

ਮੇਰੇ ਵਰਗੇ ਲੋਕ

ਦਸ ਤੋਂ ਵੀਹ ਪਰਸੈਂਟ ਹੁੰਦੇ ਹਨ

ਬਾਕੀ ਨੱਬੇ ਤੋਂ ਅੱਸੀ ਪਰਸੈਂਟ

ਤੁਹਾਡੇ ਵਰਗੇ

ਜੇਕਰ ਅੱਸੀ ਫ਼ੀਸਦ ਲੋਕ

ਆਬਾਦੀ ਦਾ ਅਨੁਪਾਤ

ਬਰਕਰਾਰ ਨਹੀਂ ਰੱਖ ਸਕਦੇ

ਤਾਂ ਫਿਰ “ਫਿੱਟੇ ਮੂੰਹ!”

ਪਰ ਇਸਦੇ ਬਾਵਜੂਦ ਉਹ ਔਲਾਦ ਨਾ ਪੈਦਾ ਕਰ ਸਕਣ ਦਾ ਇਲਜ਼ਾਮ ਆਪਣੀ ਰੂਹ ਤੱਕ ਹੰਢਾਉਂਦਾ ਹੈ ਜਿਸ ਵਿਚੋਂ ਦਰਦ ਦੀ ਹੂਕ ‘ਬਾਂਝ ਮਰਦ’ ਨਾਮਕ ਕਵਿਤਾ ਵਿਚੋਂ ਨਿਕਲਦੀ ਹੈ-

ਮੈਂ ਇਕ ਅਜਿਹਾ ‘ਆਦਮ’ ਹਾਂ

ਇਲਜ਼ਾਮ ਦੀ ਮੂਰਤ ਬਣੀ

ਸੁੰਨੇ ਆਸਮਾਨ ਵੱਲ ਤੱਕਦੀ ਹੈ

ਜਿਸਦੀ ‘ਹੱਵਾ’ ਖ਼ਾਲੀ ਗੋਦ ਲਈ

ਮੇਰੀ ਨਸਲ ਦਾ ਆਗਾਜ਼

ਮੇਰੇ ਤੋਂ ਹੀ ਹੋਇਆ ਹੈ

ਮੇਰੇ ਤੇ ਹੀ ਖਤਮ ਹੋ ਜਾਏਗਾ

ਉਹ ਜਿਨਸੀ ਮੇਲ ਰਾਹੀਂ ਔਲਾਦ ਪੈਦਾ ਨਾ ਕਰ ਸਕਣ ਤੇ ਉਦਾਸ ਤਾਂ ਹੁੰਦਾ ਹੈ ਪਰ ਨਿਰਾਸ਼ ਬਿਲਕੁਲ ਨਹੀਂ ਹੁੰਦਾ, ਕਿਉਂਕਿ ਉਸ ਦਾ ਮੰਨਣਾ ਹੈ ਕਿ ਕੁਕਨੂਸ ਵਾਂਗ ਉਹ ਆਪਣੀ ਰਾਖ਼ ਵਿਚੋਂ ਹੀ ਮੁੜ ਪੈਦਾ ਹੋ ਜਾਂਦੇ ਹਨ। ਕਵਿਤਾ ‘ਜ਼ੁਲਫ਼ੀ ਵਾਸਤੇ’ ਵਿਚ ਉਹ ਲਿਖਦਾ ਹੈ-

ਜ਼ਰੂਰੀ ਨਹੀਂ

ਕਿ ‘ਗੇਅ’ ਹੋਣ ਦਾ ਅਰਥ

ਦੁਖੀ ਹੋਣਾ ਹੀ ਹੋਵੇ…

ਯਾਦ ਰੱਖ

ਅਸੀਂ ‘ਗੇਅ’ ਹਾਂ

ਅਸੀਂ ਆਜ਼ਾਦ ਰੂਹ ਹਾਂ

ਅਸੀਂ ਕਦੀ ਜਵਾਨ ਜਾਂ

ਬੁੱਢੇ ਨਹੀਂ ਹੁੰਦੇ

ਅਸੀਂ ਸੈਭੰ ਹਾਂ

ਅਸੀਂ ਕਦੇ ਨਹੀਂ ਮਰਦੇ

ਸਿਰਫ਼ ਗਾਇਬ ਹੋ ਜਾਂਦੇ ਹਾਂ

ਤੇ ਫਿਰ-

ਕਿਸੇ ਜਵਾਨ ਖ਼ੂਬਸੂਰਤ ਅੱਖਾਂ ਵਿਚ

ਸੁਪਨਾ ਬਣ ਕੇ ਵਾਪਸ ਆ ਜਾਂਦੇ ਹਾਂ…!

ਧਾਰਮਿਕ ਪਾਬੰਦੀਆਂ

ਰੈਂਡਮ ਹਿਸਟਰੀ ਨਾਮਕ ਵੈੱਬਸਾਈਟ ਵਿਲੀਅਮ ਐਸਕ੍ਰਿਜ ਦੇ ਹਵਾਲੇ ਨਾਲ ਲਿਖਦੀ ਹੈ ਕਿ ਮੈਸੋਪੁਟਾਮੀਆ ਦੇ ਕੁਝ ਹਿੱਸਿਆਂ ਅਤੇ ਪ੍ਰਾਚੀਨ ਮਿਸਰ ਹਮਜਿਨਸੀ ਵਿਆਹ ਹੁੰਦੇ ਸਨ। ਮਿਸਰ ਦੀਆਂ ਕਈ ਕਲਾਕ੍ਰਿਤਾਂ ਵਿਚ ਹਮਜਿਨਸੀ ਸੰਬੰਧਾਂ ਨੂੰ ਦਰਸਾਇਆ ਗਿਆ ਹੈ, ਇੱਥੋਂ ਤੱਕ ਕਿ ਅਜਿਹੇ ਹੀ ਇਕ ਜੋੜੇ ਦਾ ਫੈਰਓਨ ਭਵਨਕਲਾ ਵਾਲਾ ਮਕਬਰਾ ਮਿਲਿਆ ਹੈ, ਜੋ ਹਮਜਿਨਸੀ ਸੰਬੰਧਾਂ ਨੂੰ ਰਾਜਸੱਤਾ ਦੀ ਮਾਨਤਾ ਦੀ ਗਵਾਹੀ ਭਰਦਾ ਹੈ। ਮੈਸੋਪਟਾਮੀਆਂ ਵਿਚ ਵਿਆਹ ਲਈ ਨਿਯਮਾਂ ਸੰਬੰਧੀ ਦਸਤਾਵੇਜ਼ ਮਿਲਦੇ ਹਨ,

ਜਿਨ੍ਹਾਂ ਵਿਚ ਰਾਜਿਆਂ ਦੇ ਪੁਰਸ਼ ਪ੍ਰੇਮਿਆਂ ਦਾ ਜ਼ਿਕਰ ਵੀ ਹੈ, ਉਨ੍ਹਾਂ ਵਿਚੋਂ ਕਿਸੇ ਵਿਚ ਵੀ ਹਮਜਿਨਸੀ ਵਿਆਹਾਂ ਉੱਪਰ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ।ਪਲੂਟੋ ਦੇ ਸਿੰਪੋਜ਼ਿਆਮ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਮੱਧਕਾਲੀਨ ਯੂਰਪ ਵਿਚ ਚਰਚ ਦੇ ਭਾਰੂ ਹੋਣ ਨਾਲ ਰਿਸ਼ਤਿਆਂ ਬਾਰੇ ਫੈਸਲੇ ਉਸ ਦੇ ਹੱਥ ਵਿਚ ਆ ਗਏ। ਸ਼ੁਰੂਆਤ ਵਿਚ ਹਮਜਿਨਸੀ ਸੰਬੰਧਾਂ ਨੂੰ ਖੁੱਲ੍ਹ ਮਿਲੀ ਪਰ ਹੌਲੀ-ਹੌਲੀ ਇਸ ਸੰਬੰਧੀ ਕਾਨੂੰਨ ਬਣਨ ਲੱਗੇ, ਜਿਸ ਵਿਚ ਇਸ ਬਾਰੇ ਸੀਮਾਵਾਂ ਤੈਅ ਹੋਣ ਲੱਗੀਆਂ। ਤੇਰਵੀਂ ਸਦੀ ਵਿਚ ਹਮਜਿਨਸੀ ਸੰਬੰਧਾਂ ਤੇ ਪਾਬੰਦੀ ਬਾਰੇ ਪਹਿਲਾ ਕਾਨੂੰਨ ਆਇਆ ਅਤੇ ਇਸ ਸੰਬੰਧ ਨੂੰ ਗ਼ੈਰ-ਕੁਦਰਤੀ ਗਰਦਾਨ ਦਿੱਤਾ ਗਿਆ। ਹਿੰਸਕ ਤਰੀਕੇ ਨਾਲ ਦਬਾਇਆ ਵੀ ਗਿਆ।

19ਵੀਂ ਸਦੀ ਵਿਚ ਆ ਕੇ ਵਿਪਰੀਤ-ਜਿਨਸੀ ਰਿਸ਼ਤੇ ਨੂੰ ਹੀ ਜਿਨਸੀ-ਪ੍ਰਵਿਰਤੀ ਦਾ ਮਾਪਦੰਡ ਮੰਨ ਲਿਆ ਗਿਆ ਅਤੇ ਹਮ-ਜਿਨਸੀ ਨੂੰ ਬੀਮਾਰੀ ਸਮਝਿਆ ਜਾਣ ਲੱਗਾ। ਨਾਜ਼ੀ ਸੱਤਾ ਦੇ ਦੌਰ ਵਿਚ ਹਮਜਿਨਸੀਆਂ ਨੂੰ ਹੀਣੀ ਨਸਲ ਕਹਿ ਕੇ ਤਸ਼ਦੱਦ ਕੀਤਾ ਗਿਆ। ਓਲਡ ਟੈਸਟਾਮੈਂਟ ਵਿਚ ਪੁਰਸ਼-ਹਮਜਿਨਸੀ ਲਈ ਮੌਤ ਦੀ ਸੱਜ਼ਾ ਮੁਕਰੱਰ ਕੀਤੀ ਗਈ ਹੈ ਜਦਕਿ ਨਿਊ ਟੈਸਟਾਮੈਂਟ ਵਿਚ ਪੁਰਸ਼ ਅਤੇ ਔਰਤ ਦੋਵਾਂ ਕਿਸਮ ਦੀ ਹਮਜਿਨਸੀ ਦੀ ਮਨਾਹੀ ਦੇ ਨਾਲ ਅਜਿਹੇ ਲੋਕਾਂ ਦੇ ਰੱਬ ਦੀ ਰਜ਼ਾ ਤੋਂ ਵਾਂਝੇ ਰਹਿਣ ਦੀ ਗੱਲ ਕੀਤੀ ਗਈ ਹੈ।

ਵੇਦਾਂ ਵਿਚ ਹਮਜਿਨਸੀ ਰਿਸ਼ਤਿਆਂ ਤੇ ਪਾਬੰਦੀ ਨਹੀਂ ਹੈ ਪਰ ਇਨ੍ਹਾਂ ਨੂੰ ਪਤਿਤ ਕਿਹਾ ਗਿਆ ਹੈ।ਸਿੱਖ ਧਰਮ ਵਿਚ ਇਸ ਬਾਰੇ ਕੋਈ ਪ੍ਰਮਾਣ ਤਾਂ ਨਹੀਂ ਮਿਲਦਾ ਪਰ ਇਕ ਖ਼ਬਰ ਮੁਤਾਬਿਕ ਫਰਵਰੀ 2016 ਵਿਚ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੀਨੀ ਨੂੰ ਦਰਬਾਰ ਸਾਹਿਬ ਆਉਣ ’ਤੇ ਐਸਜੀਪੀਸੀ ਵੱਲੋਂ ਇਸ ਕਰਕੇ ਮੀਡੀਆ ਤੋਂ ਦੂਰ ਰੱਖਿਆ ਗਿਆ ਅਤੇ ਰਿਵਾਇਤੀ ਤਰੀਕੇ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਕਿਉਂਕਿ ਉਹ ਕੈਨੇਡਾ ਵਿਚ ਸਮਲਿੰਗੀ ਸੰਬੰਧਾਂ ਦੀ ਹਮਾਇਤੀ ਹੈ। ਜਨਵਰੀ 2005 ਵਿਚ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸਮਲਿੰਗੀ ਸੰਬੰਧਾਂ ਨੂੰ ਸਿੱਖ ਧਰਮ ਦੇ ਖ਼ਿਲਾਫ਼ ਦੱਸਿਆ ਸੀ।

ਕੁਰਾਨ ਵਿਚ ਦੀਆਂ ਕੁਝ ਅਇਤਾਂ ਦਾ ਟੀਕਾ ਕਰਦਿਆਂ ਅਤੇ ਸ਼ਰੀਅਤ ਦੇ ਹਵਾਲੇ ਨਾਲ ਇਸਲਾਮ ਵਿਚ ਵੀ ਇਸ ਨੂੰ ਧਰਮ ਦੇ ਵਿਰੁੱਧ ਦੱਸਿਆ ਜਾਂਦਾ ਹੈ, ਜਦਕਿ ਆਧੁਨਿਕ ਇਸਲਾਮੀ ਖੋਜਕਾਰ ਇਸ ਗੱਲ ਨਾਲ ਇਤਫ਼ਾਕ ਨਹੀਂ ਰੱਖਦੇ ਪਰੰਤੂ ਹਰ ਧਰਮ ਦੇ ਪ੍ਰਚਾਰਕ ਇਨ੍ਹਾਂ ਰਿਸ਼ਤਿਆਂ ਨੂੰ ਅਨੈਤਿਕ ਦੱਸਦੇ ਹੋਏ ਇਸ ਨੂੰ ਅਧਰਮੀ ਰਿਸ਼ਤੇ ਵੱਜੋਂ ਪ੍ਰਚਾਰਦੇ ਹਨ। ਜਿਸ ਕਰਕੇ ਹਮਜਿਨਸੀ ਵਿਅਕਤੀ ਨੂੰ ਨਾ ਸਿਰਫ਼ ਆਪਣੇ ਪਰਿਵਾਰ ਦੀਆਂ ਨਜ਼ਰਾਂ ਵਿਚ ਹੀਣਾਂ ਹੋਣਾ ਪੈਦਾ ਹੈ ਬਲਕਿ ਪੂਰੀ ਬਿਰਾਦਰੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਧਰਮ ਦੇ ਨਾਮ ’ਤੇ ਮਨੁੱਖੀ ਅਧਿਕਾਰ ਖੋਹਣ ਬਾਰੇ ਇਫ਼ਤੀ ਆਪਣੀ ਕਵਿਤਾ ‘ਪੱਥਰਾਂ ਦੀ ਬਾਰਿਸ਼’ ਰਾਹੀਂ ਇਉਂ ਸੰਬੋਧਿਤ ਹੁੰਦਾ ਹੈ-

ਦੂਸਰਾ ਪੱਥਰ

ਉਸ ਨੇ ਸੁੱਟਿਆ

ਜੋ ਬਿਲਕੁਲ ਮੇਰੇ ਵਰਗਾ ਸੀ

ਪਰ ਦੁਨੀਆ ਤੋਂ ਡਰਦਾ ਸੀ

ਚੌਥਾ ਪੱਥਰ

ਇਕ ਮਸਜਿਦ ’ਚੋਂ ਆਇਆ ਸੀ

ਜਿਸ ਦੇ ਇਮਾਮ ਦੀ ਚੌਥੀ ਬੀਵੀ

ਉਸ ਦੀ ਕੰਜਕ ਬੇਟੀ ਤੋਂ ਵੀ ਛੋਟੀ ਸੀ

ਇੱਕ ਪੱਥਰ ਗਿਰਜੇ ’ਚੋਂ ਆਇਆ

ਜਿਸ ਦੇ ਪਾਦਰੀ ਦੀ-

ਕੋਈ ਵੀ ਜਿਨਸ ਨਹੀਂ ਸੀ

ਇਕ ਪੱਥਰ ਮੰਦਿਰ ਦੇ ਪੰਡਿਤ ਨੇ ਵੀ ਮਾਰਿਆ ਸੀ

ਜਿਹੜਾ ਦੋਵੇਂ ਬੰਨਿਓਂ ਭਿੱਖਿਆ ਲੈਂਦਾ ਸੀ

ਇਸ ਤੋਂ ਬਾਦ ਮੈਨੂੰ ਹੋਸ਼ ਨਹੀਂ

ਇਸ ਤੋਂ ਬਾਦ ਜੋ ਪੱਥਰ ਆਇਆ

ਉਸ ’ਤੇ ਕਿਸੇ ਦਾ ਨਾਮ ਨਹੀਂ ਸੀ…!!!

ਇਸ ਕਵਿਤਾ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਧਰਮ ਅਤੇ ਨੈਤਿਕਤਾ ਦੇ ਦੋਹਰੇ ਮਾਪਦੰਡਾਂ ਨਾਲ ਜੂਝਦਾ ਹਮਜਿਨਸੀ ਆਪਣੀ ਹੋਂਦ ਅਤੇ ਪਛਾਣ ਪ੍ਰਤੀ ਜ਼ਿਆਦਾ ਜਾਗਰੂਕ ਹੁੰਦਾ ਹੈ।ਇਕ ਇੰਟਰਵਿਯੂ ਵਿਚ ਇਫ਼ਤੀ ਕਹਿੰਦਾ ਹੈ, “ਇਸ ਤਰ੍ਹਾਂ ਦਾ ਰਿਸ਼ਤਾ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਮਾਜ ਵਿਚ ਇਹ ਰਿਸ਼ਤਾ ਪਰਵਾਨ ਨਹੀਂ, ਧਰਮ ਤੁਹਾਡੇ ਖ਼ਿਲਾਫ਼ ਜਾ ਰਿਹਾ ਹੁੰਦਾ ਹੈ। ਤੁਸੀਂ ਪਾਣੀ ਦੇ ਵਹਾ ਦੇ ਉਲਟ ਤਰ ਰਹੇ ਹੁੰਦੇ ਹੋ। ਅਜਿਹੇ ਰਿਸ਼ਤੇ ਨੂੰ ਸਿਰੇ ਚੜ੍ਹਾਉਣ ਲਈ ਤੁਸੀਂ ਮੌਰੋਲੀ, ਸਪਰਿਚੁਅਲੀ ਜਾਂ ਫਿਰ ਫ਼ਿਜ਼ੀਕਲੀ ਜਾਂ ਫ਼ਾਈਨੈਂਸ਼ਲੀ ਸਟਰੋਨਗ ਹੋਵੋ। ਰਿਵਾਇਤ ਨੂੰ ਚੈਲੰਜ ਕਰਨਾ ਆਸਾਨ ਨਹੀਂ।”

ਰਿਵਾਇਤਾਂ ਨੂੰ ਚੈਲੰਜ ਕਰਨ ਅਤੇ ਧਰਮ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਨ ਦੇ ਮਾਮਲੇ ਵਿਚ ਇਫ਼ਤੀ ਕੇਵਲ ਹਮਜਿਨਸੀਆਂ ਦੇ ਹੱਕਾਂ ਦੀ ਹੀ ਨਹੀਂ ਔਰਤਾਂ ਦੇ ਹੱਕਾਂ ਦੀ ਵੀ ਗੱਲ ਕਰਦਿਆਂ, ਮਨੁੱਖੀ ਅਧਿਕਾਰਾਂ ਦਾ ਹਰਕਾਰਾ ਹੋ ਨਿੱਬੜਦਾ ਹੈ।ਆਪਣੀ ਕਵਿਤਾ ਨੂਰ ਜਹਾਂ ਵਿਚ ਉਹ ਪੁੱਛਦਾ ਹੈ-

ਲੋਕ ਕਹਿੰਦੇ ਨੇ-

ਔਰਤ ਅਜ਼ਾਨ ਨਹੀਂ ਦੇ ਸਕਦੀ

ਔਰਤ ਈਮਾਮ ਨਹੀਂ ਬਣ ਸਕਦੀ

ਮੈਂ ਅਕਸਰ ਸੋਚਦਾ ਹਾਂ

ਜੇ ਔਰਤ ਮਾਂ ਬਣ ਸਕਦੀ ਹੈ

ਤਾਂ ਬਾਕੀ ਕੀ ਰਹਿ ਜਾਂਦਾ ਹੈ…?

ਕਾਨੂੰਨੀ ਅੜਚਨਾਂ

26 ਜੂਨ 2015 ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਵਿਆਹਾਂ ਨੂੰ ਕੌਮੀ ਮੰਜ਼ੂਰੀ ਦੇਣ ਦੇ ਨਾਲ-ਨਾਲ ਦੁਨੀਆਂ ਦੇ 21 ਮੁਲਕਾਂ ਵਿਚ ਅਜਿਹੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਚੁੱਕੀ ਹੈ, ਇਨ੍ਹਾਂ ਵਿਚ ਨੀਦਰਲੈਂਡ (2000), ਬੈਲਜੀਅਮ (2003), ਕੈਨੇਡਾ (2005), ਸਪੇਨ (2005), ਦੱਖਣੀ ਅਫ਼ਰੀਕਾ (2006), ਨੌਰਵੇ (2009), ਸਵੀਡਨ (2009), ਅਰਜਨਟੀਨਾ (2010), ਆਈਸਲੈਂਡ (2010), ਪੁਰਤਗਾਲ (2010), ਡੈਨਮਾਰਕ (2012), ਬ੍ਰਾਜ਼ੀਲ (2013), ਇੰਗਲੈਂਡ ਅਤੇ ਵੇਲਜ਼ (2013), ਫਰਾਂਸ (2013), ਉਰਗੁਏ (2013), ਲਕਸਮਬਰਗ (2014), ਸਕਾਟਲੈਂਡ (2014), ਫਿਨਲੈਂਡ (2015, ਲਾਗੂ 2017), ਆਇਰਲੈਂਡ (2015)। ਪਰੰਤੂ ਭਾਰਤ ਵਰਗੇ ਮੁਲਕ ਵਿਚ ਜਿੱਥੇ 2018 ਤੱਕ ਹਮਜਿਨਸੀ ਸਬੰਧ ਸਥਾਪਿਤ ਕਰਨਾ ਹੀ ਕਾਨੂੰਨੀ ਅਪਰਾਧ ਹੈ, ਉਸ ਮਾਹੌਲ ਵਿਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਮਿਲਣਾ ਹਾਲੇ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ।

ਬਰਤਾਨਵੀ ਰਾਜ ਸਮੇਂ ਬਣਾਈ ਗਈ ਭਾਰਤੀ ਦੰਡਾਵਲੀ ਦੀ ਧਾਰਾ 377 ਅਧੀਨ ਹਮਜਿਨਸੀ ਸੰਬੰਧ ਨੂੰ ਗੈਰ-ਕੁਦਰਤੀ ਸੰਬੰਧਾਂ ਦੇ ਦਾਇਰੇ ਵਿਚ ਰੱਖਦਿਆਂ ਅਜਿਹਾ ਸੰਬੰਧ ਬਣਾਉਣ ਤੇ 10 ਸਾਲ ਤੋਂ ਲੈ ਕੇ ਉਮਰਕੈਦ ਅਤੇ ਜੁਰਮਾਨੇ ਦੀ ਸਜ਼ਾ ਮੁਕਰੱਰ ਕੀਤੀ ਗਈ ਹੈ। ਸਵੈ-ਸੇਵੀ ਸੰਸਥਾ ਨਾਜ਼ ਫਾਊਂਡੇਸ਼ਨ ਵੱਲੋਂ ਧਾਰਾ 377 ਵਿਚ ਸੁਧਾਰ ਕਰਕੇ 2001 ਵਿਚ ਦਿੱਲੀ ਹਾਈਕੋਰਟ ਵਿਚ ਸਹਿਮਤੀ ਨਾਲ ਹਮਜਿਨਸੀ ਸੰਬੰਧ ਕਾਇਮ ਕਰਨ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਅਰਜ਼ੀ ਦਾਖ਼ਲ ਕੀਤੀ ਗਈ।

ਲੰਬੇ ਸੰਘਰਸ਼ ਤੋਂ ਬਾਅਦ 2 ਜੁਲਾਈ 2009 ਨੂੰ ਇਸ ਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਗਿਆ ਪਰ 11 ਦਸੰਬਰ 2013 ਨੂੰ ਸੁਪਰੀਮ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਇਕ ਕਹਿ ਕਿ ਦਿੱਲੀ ਹਾਈਕੋਰਟ ਦਾ ਫੈਸਲਾ ਰੱਦ ਕਰ ਦਿੱਤਾ ਕਿ ਕਾਨੂੰਨ ਵਿਚ ਤਬਦੀਲੀ ਕੇਵਲ ਸੰਸਦ ਕਰ ਸਕਦੀ ਹੈ, ਅਦਾਲਤ ਨਹੀਂ। ਆਖ਼ਰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ 2018 ਵਿਚ ਆਪਸੀ ਸਹਿਮਤੀ ਨਾ ਬਣਨ ਵਾਲੇ ਹਮਜਿਨਸੀ ਸੰਬੰਧਾਂ ਨੂੰ ਜੁਰਮ ਦੇ ਦਾਇਰੇ ਵਿਚੋਂ ਬਾਹਰ ਕਰ ਦਿੱਤਾ।

ਪਾਕਿਸਤਾਨ ਤੋਂ ਆ ਕੇ ਅਮਰੀਕਾ ਵਿਚ ਵੱਸ ਜਾਣ ਦੇ ਬਾਵਜੂਦ ਇਫ਼ਤੀ ਕੁੱਲ ਦੁਨੀਆਂ ਦੇ ਹਮਜਿਨਸੀਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਚਿੰਤਤ ਰਹਿੰਦਾ ਸੀ। ਉਹ ਇੰਡੀਅਨ ਪੀਨਲ ਕੋਡ ਧੱਕੇਸ਼ਾਹੀ ਆਵਾਜ਼ ਬੁਲੰਦ ਕਰਦਿਆਂ ਇਸ ਨੂੰ ਪੀ-ਨਾਇਲ ਕੋਡ-377 ਕਹਿੰਦਾ ਸੀ। ਆਪਣੀ ਇਸੇ ਸਿਰਲੇਖ ਦੀ ਕਵਿਤਾ ਵਿਚ ਉਹ ਆਖਦਾ ਹੈ-

ਕਦੋਂ ਤਕ ਤੁਸੀਂ

ਮੈਨੂੰ ਕੈਦ ਰਖੋਗੇ।

ਮੈਂ ਇਕ ਦਿਨ-

ਬਾਹਰ ਆ ਜਾਵਾਂਗਾ

ਤੁਹਾਨੂੰ ਭੂਤ ਬਣ ਕੇ ਡਰਾਵਾਂਗਾ

ਤੁਹਾਨੂੰ ਸਭ ਨੂੰ ਖਾ ਜਾਵਾਗਾਂ

ਤੁਸੀਂ ਮੈਨੂੰ 

ਕਤਲ ਵੀ ਕਰ ਦਿਉਗੇ

ਤਾਂ ਮੈਂ ਫਿਰ-

ਤੁਹਾਡੇ ਜਿਸਮ ‘’ਚੋਂ

ਪੈਦਾ ਹੋ ਜਾਵਾਂਗਾ

ਮੈ ਤਾਂ-

ਉਹ ਭੁੱਖ ਹਾਂ

ਜੋ ਆਦਮੀ ਨੂੰ

ਆਦਮਖੋਰੀ ’ਤੇ

ਮਜਬੂਰ ਕਰ ਦਿੰਦੀ ਹੈ

ਸਰਕਾਰਾਂ ਕਿਉਂ ਨਹੀਂ ਕਾਨੂੰਨ ਬਣਨ ਦਿੰਦੀਆਂ?

ਕਿਉਂਕਿ ਜ਼ਿਆਦਾਤਰ ਧਰਮ ਸਮਲਿੰਗੀ ਰਿਸ਼ਤਿਆਂ ਦੇ ਵਿਰੋਧ ਵਿਚ ਹਨ ਅਤੇ ਧਰਮ ਨਾ ਸਿਰਫ਼ ਭਾਰਤ ਵਿਚ ਬਲਕਿ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਸਿਆਸੀ ਗੋਲਬੰਦੀ ਅਤੇ ਵੋਟ ਬੈਂਕ ਵੱਜੋਂ ਵਰਤਿਆ ਜਾਂਦਾ ਹੈ। ਇਸ ਲਈ ਕੋਈ ਵੀ ਸਿਆਸੀ ਪਾਰਟੀ ਆਪਣਾ ਵੋਟ ਬੈਂਕ ਖੁੱਸਣ ਦੇ ਡਰੋਂ ਇਹ ਕਾਨੂੰਨ ਨਹੀਂ ਦਿੰਦੀ।

ਬਹੁਤ ਸਾਰੇ ਪੱਛਮੀ ਮੁਲਕਾਂ ਵਿਚ ਕਿਉਂਕਿ ਭਾਰੀ ਗਿਣਤੀ ਵਿਚ ਸਮਲਿੰਗੀ ਸੰਘਰਸ਼ ਦੇ ਰਾਹ ਪਏ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੇ ਆਪਣੀ ਸ਼ਨਾਖ਼ਤ ਦਰਜ ਕਰਵਾਈ ਤਾਂ ਇਨ੍ਹਾਂ ਦੇ ਵੱਡੇ ਵੋਟ ਬੈਂਕ ਨੂੰ ਦੇਖਦਿਆਂ ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਮਾਨਤਾ ਦਿੱਤੀ। ਕਾਨੂੰਨੀ ਮਾਨਤਾਵਾਂ ਮਿਲਣ ਦੇ ਬਾਵਜੂਦ ਹਾਲੇ ਵੀ ਬਹੁਤ ਸਾਰੇ ਦੇਸ਼ਾਂ ਵਿਚ ਕਾਨੂੰਨੀ ਝਮੇਲਿਆਂ ਦੇ ਨਾਲ-ਨਾਲ ਸਾਮਾਜਿਕ ਮਾਨਤਾ ਤੋਂ ਸਮਲਿੰਗੀ ਵਿਰਵੇ ਹਨ।

ਪ੍ਰਭਾਵ

ਉੱਪਰ ਦੱਸੀਆਂ ਸਮੱਸਿਆਵਾਂ ਕਰਕੇ ਸਮਲਿੰਗੀਆਂ ਦੀ ਜ਼ਿੰਦਗੀ ਤੇ ਅਜਿਹੇ ਗੰਭੀਰ ਪ੍ਰਭਾਵ ਪੈਂਦੇ ਉਹ ਆਪਣੇ ਮਨੁੱਖੀ ਅਧਿਕਾਰਾਂ ਤੋਂ ਹੀ ਵਾਂਝੇ ਰਹਿ ਜਾਂਦੇ ਹਨ। ਸਾਮਾਜਿਕ ਪਾਬੰਦੀਆਂ ਅਧੀਨ ਆਪਣੀ ਪਛਾਣ ਜ਼ਾਹਿਰ ਨਾ ਕਰਨ ਕਰਕੇ ਉਨ੍ਹਾਂ ਨੂੰ ਲਗਭਗ ਆਪਣੀ ਪੂਰੀ ਉਮਰ ਦੋਹਰੀ ਜ਼ਿੰਦਗੀ ਗੁਜ਼ਾਰ ਕੇ ਬਿਤਾਉਂਣੀ ਪੈਂਦੀ ਹੈ। ਬਹੁਤ ਵਾਰ ਮਜਬੂਰ ਹੋ ਕੇ ਉਨ੍ਹਾਂ ਨੂੰ ਵਿਪਰੀਤ-ਜਿਨਸੀ ਰਿਸ਼ਤਾ ਜਾਂ ਵਿਆਹ ਕਰਵਾਉਣਾ ਪੈਂਦਾ ਹੈ। ਇਸ ਨਾਲ ਦੋ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਜੇ ਉਹ ਵਿਆਹ ਨਹੀਂ ਕਰਵਾਉਂਦੇ ਤਾਂ ਹਮਜਿਨਸੀ ਰਿਸ਼ਤਿਆਂ ਨੂੰ ਪਰਵਾਰਿਕ ਪਰਵਾਨਗੀ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਅੰਦਰ ਬੇਗਾਨਗੀ ਦਾ ਸੱਲ ਝੱਲਣਾ ਪੈਂਦਾ ਹੈ ਜਾਂ ਫਿਰ ਪਰਿਵਾਰ ਤੋਂ ਹੀ ਅਲੱਗ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ।

ਇਸ ਨਾਲ ਮਾਨਸਿਕ ਧੱਕਾ ਤਾਂ ਲੱਗਦਾ ਹੈ, ਅਕਸਰ ਪਰਿਵਾਰਕ ਜਾਇਦਾਦ ਵਿਚਲਾ ਜਾਇਜ਼ ਹੱਕ ਵੀ ਗੁਆਉਣਾ ਪੈਂਦਾ ਹੈ। ਧਾਰਮਿਕ ਪਾਬੰਦੀਆਂ ਨਾਲ ਉਹ ਇਕ ਤਰ੍ਹਾਂ ਆਪਣੀ ਧਾਰਮਿਕ ਬਿਰਾਦਰੀ ਵਿਚੋਂ ਵੀ ਛੇਕੇ ਜਾਂਦੇ ਹਨ। ਪਰਿਵਾਰਕ ਇਕਲਾਪੇ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਵਿਸਤ੍ਰਿਤ ਪਰਿਵਾਰ ਵਿਚ ਵੀ ਕੋਈ ਸ਼ਰਨ ਨਹੀਂ ਮਿਲਦੀ ਬਲਕਿ ਕੱਟੜ ਅਤੇ ਹਿੰਸਕ ਪ੍ਰਤਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਾਰਤ ਵਰਗੇ ਦੇਸ਼ ਵਿਚ ਕਾਨੂੰਨੀ ਮਾਨਤਾ ਨਾ ਹੋਣ ਕਰਕੇ ਉਹ ਪਰਿਵਾਰ ਅਤੇ ਬਿਰਾਦਰੀ ਤੋਂ ਬਾਹਰ ਰਹਿ ਕੇ ਵੀ ਆਪਣਾ ਹਮਜਿਨਸੀ ਰਿਸ਼ਤਾ ਨਹੀਂ ਨਿਭਾ ਸਕਦੇ। ਅਕਸਰ ਉਨ੍ਹਾਂ ਨੂੰ ਆਲੇ-ਦੁਆਲੇ ਰਹਿੰਦੇ ਬਹੁਗਿਣਤੀ ਵਿਪਰੀਤ-ਲਿੰਗੀ ਸਮਾਜ ਦੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਅਜਿਹੇ ਦਵੰਦ ਵਿਚੋਂ ਕਾਨੂੰਨੀ ਮਾਮਲਿਆਂ ਵਿਚ ਉਲਝਣ ਤੱਕ ਦੀ ਨੌਬਤ ਆ ਜਾਂਦੀ ਹੈ।

ਦੇਸ਼ ਵਿਚ ਵੱਖ-ਵੱਖ ਧਰਮਾਂ ਲਈ ਆਪੋ-ਆਪਣੇ ਵਿਆਹ ਕਾਨੂੰਨ ਹਨ, ਦੁਨੀਆਂ ਦੇ ਲਗਭਗ ਹਰ ਮੁਲਕ ਵਿਚ ਅਜਿਹੇ ਕਾਨੂੰਨ ਹਨ, ਪਰ 21 ਦੇਸ਼ਾਂ ਨੂੰ ਛੱਡ ਕੇ ਬਾਕੀ ਮੁਲਕਾਂ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲੇ ਕਾਨੂੰਨੀ ਦੀ ਗ਼ੈਰ-ਮੌਜੂਦਗੀ ਕਰਕੇ ਉਹ ਦੂਸਰੇ ਨਾਗਰਿਕਾਂ ਵਾਂਗ ਵਿਆਹ ਨਹੀਂ ਕਰ ਸਕਦੇ। ਨਾ ਹੀ ਉਹ ਵਿਆਹ ਰਾਹੀਂ ਬਣਨ ਵਾਲੇ ਰਿਸ਼ਤੇ ਦਾ ਬਾਕੀ ਲਾਭ ਹਾਸਲ ਕਰ ਸਕਦੇ ਹਨ, ਜਿਸ ਵਿਚ ਪਰਿਵਾਰਕ ਮੈਡੀਕਲ ਸਹਾਇਤਾ, ਸਾਂਝੇ ਪਰਿਵਾਰ ਵਾਲੀਆਂ ਬੀਮਾਂ ਯੋਜਨਾਵਾਂ, ਸਾਮਾਜਿਕ ਸੁਰੱਖਿਆ ਅਧੀਨ ਮਿਲਣ ਵਾਲੇ ਫ਼ਾਇਦੇ, ਸਾਥੀ ਦੀ ਮੌਤ ਪਿੱਛੋਂ ਉਸਦੀ ਜਾਇਦਾਦ ਦਾ ਹੱਕ, ਉਸ ਦੀ ਥਾਂ ਮਿਲਣ ਵਾਲੇ ਨੌਕਰੀ ਦੇ ਅਧਿਕਾਰ ਜਾਂ ਪੈਨਸ਼ਨ ਦਾ ਅਧਿਕਾਰ ਸਮੇਤ ਅਨੇਕਾ ਸਾਮਾਜਿਕ ਅਤੇ ਆਰਥਿਕ ਫਾਇਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਵਾਂਝੇ ਰਹਿਣਾ ਪੈਂਦਾ ਹੈ।

ਇੱਥੋਂ ਤੱਕ ਕਿ ਦੋ ਹਮਜਿਨਸੀਆਂ ਦੇ ਆਪਸੀ ਝਗੜੇ ਅਤੇ ਜਾਇਦਾਦ ਸੰਬੰਧੀ ਵਿਵਾਦਾਂ ਵਿਚ ਵੀ ਕਾਨੂੰਨ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ, ਬਲਕਿ ਜੇ ਉਹ ਅਜਿਹਾ ਕੋਈ ਮਾਮਲਾ ਪੁਲਸ ਕੋਲ ਲਿਜਾਉਣ ਵੀ ਤਾਂ ਉਨ੍ਹਾਂ ਨੂੰ ਪੁਲਸ ਦੇ ਤਸ਼ੱਦਦ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੀ ਪਛਾਣ ਗੇਅ ਦੇ ਰੂਪ ਵਿਚ ਜ਼ਾਹਿਰ ਕਰਨ ’ਤੇ ਰੁਜ਼ਗਾਰ ਦੇ ਮਾਮਲੇ ਵਿਚ ਵੀ ਉਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੀਰਾਸ ਦਾ ਮਾਮਲਾ ਇਸ ਦੀ ਸੱਭ ਤੋਂ ਵੱਡੀ ਉਦਾਹਰਣ ਹੈ। 

ਕੁਝ ਸੁਝਾਅ

ਫ਼ਿਲਮ ਅਲੀਗੜ੍ਹ ਵਿਚ ਪ੍ਰੋਫ਼ੈਸਰ ਸੀਰਾਸ ਦੇ ਇਸ ਸੰਵਾਦ ਦਾ ਹਵਾਲਾ ਦੇਣਾ ਵਾਜਬ ਹੋਵੇਗਾ ਜਿਸ ਵਿਚ ਉਹ ਕਹਿੰਦੇ ਹਨ ‘ਮੈਨੂੰ ਗੇਅ ਸ਼ਬਦ ਤੋਂ ਇਤਰਾਜ਼ ਹੈ। ਮੈਂ ਵੀ ਆਮ ਮਨੁੱਖਾਂ ਵਰਗਾਂ ਮਨੁੱਖ ਹਾਂ। ਮੈਨੂੰ ਉਸੇ ਨਜ਼ਰੀਏ ਨਾਲ ਦੇਖਿਆ ਜਾਵੇ।’ ਇਸ ਸੰਵਾਦ ਦੀ ਰੌਸ਼ਨੀ ਵਿਚ ਕੁਝ ਸੁਝਾਅ ਦਿੱਤੇ ਜਾ ਰਹੇ ਹਨ-

1. ਵੱਖਰੀ ਕਾਮ ਤਰਜੀਹ ਨੂੰ ਮਨੁੱਖੀ ਅਧਿਕਾਰ ਦੇ ਰੂਪ ਵਿਚ ਸਾਮਾਜਿਕ, ਸੰਸਥਾਗਤ ਅਤੇ ਕਾਨੂੰਨੀ ਤੌਰ ’ਤੇ ਪ੍ਰਵਾਨ ਕੀਤਾ ਜਾਵੇ ਅਤੇ ਇਸ ਨਾਲ ਸਬੰਧਿਤ ਵਿਵਾਦਾਂ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਅਨੁਸਾਰ ਵਾਚਿਆ ਜਾਵੇ।

2. ਭਾਰਤ ਵਿਚ ਧਾਰਾ 377 ਅਤੇ ਬਾਕੀ ਮੁਲਕਾਂ ਵਿਚ ਇਸ ਨਾਮ ਮਿਲਦੇ-ਜੁਲਦੇ ਕਾਨੂੰਨਾਂ ਵਿਚ ਸੋਧ ਕਰਕੇ ਸਹਿਮਤੀ ਨਾਲ ਸਥਾਪਿਤ ਕੀਤੇ ਜਾਂਦੇ ਹਮਜਿਨਸੀ ਸਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ।

3. ਮੌਜੂਦਾਂ ਵਿਆਹ ਕਾਨੂੰਨਾਂ ਵਾਂਗ ਹੀ ਹਮਜਿਨਸੀ ਵਿਆਹ ਕਾਨੂੰਨ ਬਣਾਇਆ ਜਾਵੇ ਜਿਸ ਵਿਚ ਵਿਆਹ ਸਬੰਧਾਂ ਨਾਲ ਜੁੜੇ ਹਰੇਕ ਪਹਿਲੂ, ਵਿਵਾਦਾਂ, ਜੋੜੇ ਦੀ ਸਾਂਝੀ ਜਾਇਦਾਦ ਦੀ ਵੰਡ ਆਦਿ ਬਾਰੇ ਸਪੱਸ਼ਟ ਕਾਨੂੰਨ ਨਿਰਧਾਰਿਤ ਕੀਤੇ ਜਾਣ।

4. ਸਮਾਜ ਵਿਚ ਸਮਲਿੰਗੀਆਂ ਬਾਰੇ ਜਨਤੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ, ਜਿਸ ਰਾਹੀਂ ਮਾਪਿਆਂ ਅਤੇ ਨੌਜਵਾਨਾਂ ਨੂੰ ਇਸ ਬਾਰੇ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਅੰਦਰ ਵੱਖਰੀਆਂ ਕਾਮ ਤਰਜੀਹਾਂ ਵਾਲੇ ਨਾਗਰਿਕਾਂ ਪ੍ਰਤੀ ਸਹਿਚਾਰ ਅਤੇ ਮਾਨਵਵਾਦੀ ਦ੍ਰਿਸ਼ਟੀ ਪੈਦਾ ਕੀਤੀ ਜਾਵੇ।

ਮਿਲੇ ਮਕਾਂ ਨਾ ਸਫ਼ਰ ਮੇਂ ਕੋਈ ਮਕੀਂ ਦੇਖਾ।

ਜਹਾਂ ਪੇ ਛੋੜ ਗਏ ਥੇ ਉਸੇ ਵਹੀਂ ਦੇਖਾ।

ਕਟੀ ਹੈ ਉਮਰ ਕਿਸੀ ਆਬਦੋਜ਼ ਕਸ਼ਤੀ ਮੇਂ,

ਸਫ਼ਰ ਤਮਾਮ ਹੁਆ ਔਰ ਕੁਝ ਨਹੀਂ ਦੇਖਾ।

-ਦੀਪ ਜਗਦੀਪ ਸਿੰਘ
To download in PDF Click Here

********

ਹੋਰ ਖੋਜ ਪੱਤਰ ਪੜ੍ਹਨ ਲਈ ਕਲਿੱਕ ਕਰੋ

ਹਵਾਲੇ

  • Sigmund Freud, On Sexuality
  • Mary Ann Lamanna, Agnes Riedmann, Susan D Stewart (2014). Marriages, Families, and Relationships: Making Choices in a Diverse Society. Cengage Learning. p. 82. ISBN 1305176898.
  • “Submission to the Church of England’s Listening Exercise on Human Sexuality”. The Royal College of Psychiatrists. Retrieved 13 June 2013.
  • “Sexual orientation, homosexuality and bisexuality”. American Psychological Association. Archived from the original on August 8, 2013. Retrieved August 10, 2013.
  • Gay Marriage- (http://time.com/3937766/us-supreme-court-countries-same-sex-gay-marriage-legal/)
  • Patiala TV (http://patialatv.blogspot.in/2016/02/sgpc.html)
  • Tin Chehreyan Wala Rakkaas (Gurmukhi), Iftikhar Nasim, Kuknoos Parkashan, Jalandhar (2001) 
  • Shabri (Gurmukhi), Iftikhar Nasim, Kuknoos Parkashan, Jalandhar (2004)

Posted

in

,

by

Tags:

Comments

Leave a Reply

Your email address will not be published. Required fields are marked *