ਹੰਝੂਆ ਦਾ ਭਾੜਾ

ਸ਼ਿਵ ਪ੍ਰਤੀ ਦੀਵਾਨਗੀ ਦਾ ਸਿਲਸਿਲਾ ਮੇਰੀ ਜਵਾਨੀ ਦੇ ਨਾਲ ਹੀ ਸ਼ੁਰੂ ਹੋਇਆ ਅਤੇ ਕਦੋਂ ਇਹ ਇਸ਼ਕ ਪਾਗਲਪਣ ਤੱਕ ਪਹੁੰਚ ਗਿਆ, ਮੈਨੂੰ ਆਪ ਨੂੰ ਵੀ ਪਤਾ ਨਹੀਂ ਲੱਗਿਆ। ਸ਼ਾਇਦ ਸੰਨ 2005 ਦੀ ਗੱਲ ਹੈ, ਪਤਾ ਲੱਗਿਆ ਕਿ ਕੁਝ ਸਾਹਿਤਕਾਰ ਦੋਸਤ ਬਟਾਲੇ ਜਾ ਰਹੇ ਹਨ। ਮੈਂ ਵੀ ਇਕ ਦਮ ਕਹਿ ਦਿੱਤਾ ਕਿ ਮੈਂ ਵੀ ਚੱਲੂੰਗਾ। ਉੱਥੇ ਕੋਈ ਸਾਹਿਤਕ ਸਮਾਗਮ ਸੀ, ਸਾਰੇ ਉਸ ਵਿਚ ਸ਼ਿਰਕਤ ਕਰਨ ਜਾ ਰਹੇ ਸਨ। ਮੈਨੂੰ ਕਵੀ ਗੁਰਭਜਨ ਗਿਲ ਨੇ ਕਿਹਾ ਸਵੇਰੇ 6 ਵਜੇ ਜਾਣਾ ਪਵੇਗਾ, ਤੂੰ ਪੰਜਾਬੀ ਭਵਨ ਪਹੁੰਚ ਜਾਈਂ। ਅਗਲੀ ਸਵੇਰ ਮੈਂ ਛੇ ਵਜੇ ਤੋਂ ਵੀ ਪਹਿਲਾਂ ਪਹੁੰਚ ਗਿਆ। ਇਸ ਨੂੰ ਮੇਰੀ ਖ਼ੁਸ਼ਨਸੀਬੀ ਸਮਝੋ ਕਿ ਜਿਸ ਹੋਟਲ ਵਿਚ ਸਮਾਗਮ ਸੀ, ਉਸ ਦੇ ਠੀਕ ਸਾਹਮਣੇ ਸ਼ਿਵ ਦੀ ਯਾਦ ਵਿਚ ਆਡਿਟੋਰਿਅਮ ਬਣ ਰਿਹਾ ਸੀ। ਦੋ ਵਾਰ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਉਸ ਦੀ ਹਾਲਤ ਪਖਾਨੇ ਤੋਂ ਵੀ ਮਾੜੀ ਸੀ। ਜੰਗਾਲ ਲੱਗੇ ਹੋਏ ਵੱਡੇ ਸਾਰੇ ਗੇਟ ’ਤੇ ਤਾਲਾ ਲਟਕ ਰਿਹਾ ਸੀ। ਡਾਕਟਰ ਜਗਤਾਰ ਧੀਮਾਨ ਨੇ ਮੈਨੂੰ ਦੀਵਾਰ ਟੱਪ ਕੇ ਅੰਦਰ ਜਾਣ ਦੀ ਸਲਾਹ ਦਿੱਤੀ, ਉਹ ਵੀ ਮੇਰੇ ਨਾਲ ਕੰਧ ’ਤੇ ਚੜ ਗਏ। ਵੀਹ-ਪੱਚੀ ਕਦਮ ਕੰਧ ’ਤੇ ਤੁਰਨ ਤੋਂ ਬਾਅਦ ਅਸੀਂ ਅੰਦਰ ਵਾਲੇ ਦਰਵਾਜ਼ੇ ਦੇ ਸਾਹਮਣੇ ਪਹੁੰਚ ਕੇ ਹੇਠਾਂ ਛਾਲ ਮਾਰ ਦਿੱਤੀ। ਆਡਿਟੋਰੀਅਮ ਵਿਚ ਹਨੇਰਾ ਪਸਰਿਆ ਹੋਇਆ ਸੀ ਅਤੇ ਬੈਠਣ ਵਾਲੀਆਂ ਪੌੜੀਆਂ ਦਾ ਢਾਂਚਾ ਖਿੱਚ ਕੇ ਵਿਚਾਲੇ ਰੇਤਾ-ਇੱਟਾਂ ਦਾ ਢੇਰ ਲਾਇਆ ਹੋਇਆ ਸੀ। ਵਿਚ ਵਿਚਾਲੇ ਦੋ ਢੇਰ ਬਿਲਕੁਲ ਗੋਲ ਪਹਾੜੀ ਵਰਗੇ ਪੰਜ ਕੁ ਫੁੱਟ ਉੱਚੇ ਖੜੇ ਸਨ, ਮੈਂ ਵੀ ਮਸਤੀ ਜਿਹੀ ਵਿਚ ਉਨ੍ਹਾਂ ਉੱਤੇ ਕੂਹਣੀ ਰੱਖ ਕੇ ਖੜਾ ਹੋ ਗਿਆ। ਧੀਮਾਨ ਸਾਹਬ ਤਸਵੀਰਾਂ ਖਿੱਚਣ ਵਿਚ ਰੁੱਝੇ ਹੋਏ ਸਨ, ਚਾਣਚੱਕ ਉਨ੍ਹਾਂ ਦੀ ਨਜ਼ਰ ਮੇਰੇ ’ਤੇ ਪਈ। ਉਨ੍ਹਾਂ ਨੇ ਖ਼ਬਰਦਾਰ ਕਰਨ ਵਾਲੇ ਲਹਿਜੇ ਵਿਚ ਮੈਨੂੰ ਕਿਹਾ ਕਿ ਮੈਂ ਉੱਥੋਂ ਪਰਾਂ ਹੋ ਜਾਂਵਾਂ, ਕਿਉਂਕਿ ਉਨ੍ਹਾਂ ਢੇਰੀਆਂ ਵਿਚ ਸੱਪ ਹੋ ਸਕਦੇ ਹਨ। ਮੈਂ ਹੈਰਾਨ ਸੀ, ਉਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਇਹ ਸੱਪਾਂ ਦੀਆਂ ਵਰਮੀਆਂ ਹਨ। ਉਨ੍ਹਾਂ ਤੋਂ ਕੂਹਣੀਆਂ ਚੱਕਦੇ-ਚੱਕਦੇ ਮੇਰੇ ਜ਼ਹਿਨ ਵਿਚ ਇਹ ਖ਼ਿਆਲ ਗੂੰਜ ਗਿਆ ਕਿ ਸ਼ਿਵ ਜ਼ਿੰਦਗੀ ਭਰ ਆਪਣੇ ਗੀਤਾਂ ਵਿਚ ਸੱਪਾਂ ਅਤੇ ਉਨ੍ਹਾਂ ਦੀਆਂ ਵਰਮੀਆਂ ਦੀਆਂ ਗੱਲਾਂ ਕਰਦਾ ਰਿਹਾ ਅਤੇ ਅੱਜ ਸੱਪ ਉਸ ਦੀ ਅਧੂਰੀ ਪਈ ਖੰਡਰਨੁਮਾ ਯਾਦਗਾਰ ’ਤੇ ਕੁੰਡਲੀ ਮਾਰੀ ਬੈਠੇ ਹਨ, ਮੈਂ ਉਨ੍ਹਾਂ ਵਰਮੀਆਂ ਕੋਲ ਖੜ੍ਹ ਕੇ ਤਸਵੀਰ ਖਿੱਚਵਾ ਲਈ। ਅਫ਼ਸੋਸ ਉਹ ਤਸਵੀਰਾਂ ਕਦੇ ਮਿਲੀਆਂ ਹੀ ਨਹੀਂ।
ਉਸੇ ਦੁਪਹਿਰ ਨੂੰ ਬਟਾਲੇ ਵਾਲੇ ਸ਼ੁਭਾਸ ਕਲਾਕਾਰ ਅਤੇ ਉਸ ਦੇ ਦੋਸਤ ਰੰਧਾਵੇ ਨਾਲ ਅਸੀਂ ਸ਼ਿਵ ਦਾ ਘਰ ਦੇਖਣ ਗਏ। ਘਰ ਬੰਦ ਪਿਆ ਸੀ, ਜਿਹੜੇ ਉੱਥੇ ਰਹਿੰਦੇ ਸਨ, ਘਰ ਨਹੀਂ ਸਨ। ਉਨ੍ਹਾਂ ਦੇ ਗਵਾਂਢੀਆਂ ਨੇ ਮੇਰੀਆਂ ਅੱਖਾਂ ਵਿਚੋਂ ਮੇਰੀ ਤਾਂਘ ਪੜ੍ਹ ਲਈ ਹੋਣੀ ਐ ਸ਼ਾਇਦ। ਅਸੀਂ ਗੁਆਂਢੀਆਂ ਦੇ ਘਰ ਦੀਆਂ ਪੌੜੀਆਂ ਚੜ ਕੇ ਕੰਧ ਟੱਪ ਕੇ ਸ਼ਿਵ ਦੇ ਨਿੱਕੇ ਜਿਹੇ ਚੁਬਾਰੇ ਵਿਚ ਪਹੁੰਚ ਗਏ। ਦੱਸਦੇ ਨੇ ਇਸ ਚੁਬਾਰੇ ਵਿਚ ਸ਼ਿਵ ਨੇ ਕਈ ਰੰਗੀਨ ਸ਼ਾਮਾ ਗੁਜ਼ਾਰੀਆਂ ਸਨ। ਕਮਰਾ ਬਿਲਕੁਲ ਖ਼ਾਲੀ ਪਿਆ ਸੀ, ਗਲੀ ਵੱਲ ਖੁੱਲਦੀ ਲੋਹੇ ਦੇ ਸਰੀਆਂ ਵਾਲੀ ਬਾਰੀ ਅਤੇ ਠੰਢਾ ਸੀਮੰਟ ਦਾ ਫਰਸ਼। ਕੁਝ ਪਲ ਬਾਰੀ ਦੇ ਪਾਰ ਝਾਕਦੇ ਹੋਏ ਮੈਂ ਸੋਚਿਆ ਸ਼ਿਵ ਵੀ ਇੰਝ ਹੀ ਬਾਰੀ ਵਿਚੋਂ ਆਪਣਾ ਸ਼ਹਿਰ ਦੇਖਦਾ ਹੋਵੇਗਾ। ਫਿਰ ਪਤਾ ਨਹੀਂ ਕੀ ਸੁਝਿਆ ਮੈਂ ਠੰਢੇ ਫਰਸ਼ ’ਤੇ ਭੁੰਝੇ ਹੀ ਲੰਮਾ ਪੈ ਗਿਆ। ਇਕ ਪਲ ਇੰਝ ਮਹਿਸੂਸ ਹੋਇਆ ਕਿ ਜਿਵੇਂ ਮੈਂ ਹਲਕਾ ਖੰਭ ਹੋ ਗਿਆ ਹੋਵਾਂ। ਫਰਸ਼ ਦੀ ਗੋਦੀ ਵਿਚ ਲੰਮਾ ਪਿਆ ਇੰਝ ਲੱਗਿਆ ਸ਼ਿਵ ਦੀ ਗੋਦੀ ਵਿਚ ਸੌਂ ਰਿਹਾ ਹਾਂ। ਇਕ ਆਵਾਜ਼ ਗੂੰਜੀ, ‘ਚੱਲੋ ਚੱਲੀਏ’। 
ਮੇਰਾ ਸੁਪਨਾ ਟੁੱਟ ਗਿਆ। ਭਿੱਜੀਆਂ ਹੋਈਆ ਪਲਕਾਂ ਨਾਲ ਮੈਂ ਹੌਲੀ-ਹੌਲੀ ਖੜਾ ਹੋਇਆ, ਤਾਂ ਦੋ ਬੂੰਦਾ ਫਰਸ਼ ’ਤੇ ਡਿੱਗ ਪਈਆਂ, ਮੈਨੂੰ ਯਾਦ ਆ ਗਿਆ ਸ਼ਿਵ ਨੇ ਕਿਹਾ ਸੀ, ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਪੀੜਾਂ ਦਾ ਪਰਾਗਾ ਭੁੰਨ ਦੇ, ਤੈਨੂੰ ਦੇਆਂ ਹੰਝੂਆਂ ਦਾ ਭਾੜਾ’। 
ਮਨ ਦੇ ਅੰਦਰੋਂ ਆਵਾਜ਼ ਗੂੰਜ ਉੱਠੀ, ‘ਸ਼ਿਵ ਤੇਰੇ ਫਰਸ਼ ’ਤੇ ਦੋ ਪਲ ਸਕੂਨ ਦੇ ਗੁਜ਼ਾਰਨ ਦਾ ਭਾੜਾ ਮੇਰੇ ਦੋ ਹੰਝੂ ਰੱਖ ਲਵੀਂ’। ਸ਼ਾਇਦ ਮੇਰੇ ਲਈ ਇਹੀ ਤਸੱਲੀ ਵਾਲੀ ਗੱਲ ਸੀ ਕਿ ਪੀੜਾਂ ਦਾ ਪਰਾਗਾ ਭੁੰਨਾਉਣ ਬਦਲੇ ਹੰਝੂਆਂ ਦਾ ਭਾੜਾ ਦੇਣ ਵਾਲੇ ਸ਼ਿਵ ਨੂੰ ਮੈਂ ਉਸੇ ਦਾ ਸਰਮਾਇਆ ਮੋੜਿਆ ਹੈ।

-ਦੀਪ ਜਗਦੀਪ ਸਿੰਘ

Leave a Reply