
ਚਿਤ੍ਰਲੇਖਾ ਅਨੁਵਾਦ ਕਰਦਿਆਂ…
ਭਗਵਤੀਚਰਣ ਵਰਮਾ ਨੇ ਚਿਤਰਲੇਖਾ ਲਿਖਣ ਦਾ ਵਿਚਾਰ ਉਦੋਂ ਬਣਾਇਆ ਜਦੋਂ 1929-30 ਦੌਰਾਨ ਉਹ ਇਲਾਹਾਬਾਦ ਯੂਨੀਵਰਸਿਟੀ ਵਿਚ ਵਕਾਲਤ ਦੀ ਡਿਗਰੀ ਕਰ ਰਹੇ ਸਨ। ਹੋਸਟਲ ਦੇ ਕਮਰੇ ਵਿਚ ਨਾਲ ਰਹਿਣ ਵਾਲੇ ਭਗਵਾਨ ਸਹਾਏ ਨੇ ਇਕ ਰਾਤ ਵਰਮਾ ਨੂੰ ਕਿਹਾ ਕਿ ਭਾਰਤੀ ਲੇਖਕਾਂ ਦੇ ਲਿਖਣ ਲਈ ਕੁਝ ਨਹੀਂ ਬਚਿਆ ਹੈ ਕਿਉਂਕਿ ਪੱਛਮ ਦੇ ਲੇਖਕਾਂ ਨੇ ਕੋਈ ਵਿਸ਼ਾ ਛੱਡਿਆ ਹੀ ਨਹੀਂ। ਭਗਵਾਨ ਸਹਾਏ ਨੇ ਉਨ੍ਹਾਂ ਦਿਨਾਂ ਵਿਚ ਮਿਸਰ ਦੀ ਸੰਤ ਥਾਇਸ (ਜੋ ਪਹਿਲਾਂ ਦਰਬਾਰੀ ਨਾਚੀ ਸੀ) ਬਾਰੇ ਅਨਾਤੋਲੇ ਫ਼ਰਾਂਸ ਦਾ ਲਿਖਿਆ ਥਾਈਸ (1890) ਨਾਵਲ ਪੜ੍ਹਿਆ ਸੀ। ਜਦੋਂ ਭਗਵਤੀਚਰਣ ਵਰਮਾ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਤਾਂ ਭਗਵਾਨ ਸਹਾਏ ਨੇ ਥਾਈਸ ਨਾਵਲ ਮੂਹਰੇ ਰੱਖ ਕੇ ਚੁਣੌਤੀ ਦਿੰਦਿਆਂ ਕਿਹਾ ਕਿ ਇਸ ਵਰਗਾ ਕੋਈ ਵੱਡਾ ਨਾਵਲ ਹੋਵੇ ਤਾਂ ਦੱਸੇ। ਭਗਵਤੀਚਰਣ ਵਰਮਾ ਨੇ ਕਿਤਾਬ ਵੱਲ ਦੇਖਦਿਆਂ ਕਿਹਾ, ”ਫ਼ਿਲਹਾਲ ਇਸ ਵਰਗਾ ਤਾਂ ਨਹੀਂ ਹੈ ਪਰ ਇਸ ਵਰਗਾ ਕੁਝ ਲਿਖਿਆ ਲਾਜ਼ਮੀ ਜਾ ਸਕਦਾ ਹੈ।” ਸੰਨ 1931 ਵਿਚ ਭਗਵਤੀਚਰਣ ਵਰਮਾ ਨੇ ਹਮੀਰਪੁਰ ਅਦਾਲਤ ਵਿਚ ਵਕਾਲਤ ਸ਼ੁਰੂ ਕੀਤੀ ਜੋ ਬਹੁਤੀ ਚੱਲੀ ਨਹੀਂ। ਉਦੋਂ ਹੀ ਉਨ੍ਹਾਂ ਨੇ ਚਿਤਰਲੇਖਾ ਲਿਖਣਾ ਸ਼ੁਰੂ ਕੀਤਾ, ਜੋ ਹਿੰਦੀ ਸਾਹਿਤ ਦੀ ਸ਼ਾਹਕਾਰ ਲਿਖਤਾਂ ਦੇ ਵਿਚ ਸ਼ਾਮਲ ਹੋ ਗਿਆ। ਵਿਦਵਾਨ ਦੱਸਦੇ ਹਨ ਕਿ ਇਸ ਨਾਵਲ ਤੋਂ ਬਾਅਦ ਹਿੰਦੀ ਨਾਵਲਕਾਰੀ ਦਾ ਮੁਹਾਂਦਰਾ ਹੀ ਬਦਲ ਗਿਆ।
ਕਲਾਸਿਕ ਰਚਨਾ ਨੂੰ ਮਾਂ-ਬੋਲੀ ਵਿਚ ਅਨੁਵਾਦ ਕਰਨਾ ਆਪਣੇ ਆਪ ਵਿਚ ਹੀ ਬਹੁਤ ਵੱਡੀ ਚੁਣੌਤੀ ਹੁੰਦਾ ਹੈ। ਇਸ ਨਾਵਲ ਨੂੰ ਅਨੁਵਾਦ ਕਰਨਾ ਮੇਰੇ ਲਈ ਉਸੇ ਤਰ੍ਹਾਂ ਦੀ ਚੁਣੌਤੀ ਸੀ ਜਿਸ ਤਰ੍ਹਾਂ ਦੀ ਭਗਵਤੀਚਰਣ ਵਰਮਾ ਦਾ ਇਸ ਨੂੰ ਲਿਖਣਾ ਸੀ। ਨਾਵਲ ਦਾ ਮੂਲ ਕਥਾਨਕ ਸਾਮੰਤੀ ਤੇ ਅਧਿਆਤਮਕ ਸਮਾਜ-ਪ੍ਰਬੰਧ ਵਿਚਾਲੇ ਭੇੜ ‘ਤੇ ਆਧਾਰਤ ਹੈ। ਜਿਸ ਦੀ ਸੂਤਰਧਾਰ ਮੁੱਖ ਪਾਤਰ ਨਾਚੀ ਚਿਤ੍ਰਲੇਖਾ ਹੈ। ਲੇਖਕ ਸ਼ੁਰੂਆਤ ਵਿਚ ਹੀ ਸਪੱਸ਼ਟ ਕਰਦਾ ਹੈ ਕਿ ਚਿਤ੍ਰਲੇਖਾ ਨਾਚੀ ਹੈ ਵੇਸਵਾ ਨਹੀਂ। ਇਹ ਪਾਤਰ ਉਦੋਂ ਬਹੁ-ਪਰਤੀ ਹੋ ਜਾਂਦਾ ਹੈ ਜਦੋਂ ਚਿਤ੍ਰਲੇਖਾ ਸਿਰਫ਼ ਨਾਚੀ ਨਾ ਹੋ ਕੇ ਇਕੋ ਵੇਲੇ ਅਧਿਆਤਮ ਤੇ ਫ਼ਲਸਫ਼ੇ ਦੀ ਗਿਆਤਾ ਤੇ ਜਿਗਿਆਸੂ ਵੀ ਹੁੰਦੀ ਹੈ। ਬਹੁ-ਪਰਤੀ ਪਾਤਰ ਆਪਣੀ ਬਹੁ-ਪਰਤੀ ਭਾਸ਼ਾ ਵੀ ਨਾਲ ਲੈ ਕੇ ਆਉਂਦਾ ਹੈ। ਅਜਿਹੇ ਕਿਰਦਾਰ ਨੂੰ ਘੜਨ ਲਈ ਉਸ ਦੇ ਬਰਾਬਰ ਦੀ ਹੀ ਭਾਸ਼ਾ ਘੜਨੀ ਪੈਂਦੀ ਹੈ। ਉਹ ਭਾਸ਼ਾਈ ਮੁਹਾਵਰਾ ਲੋੜੀਂਦਾ ਸੀ ਜੋ ਇਕੋ ਵੇਲੇ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਨਾਚੀ ਦੇ ਹੁਸਨ ਤੇ ਅਦਾਵਾਂ ਨੂੰ ਬਿਆਨ ਵੀ ਕਰ ਸਕੇ, ਉਸ ਨੂੰ ਸਾਮੰਤੀ ਕਿਰਦਾਰ ਨਾਲ ਨਿਭਣ ਵਾਲੀ ਕੁਲੀਨ ਸ਼ਬਦਾਵਲੀ ਵੀ ਦੇ ਸਕੇ ਤੇ ਅਧਿਆਤਮਕ ਕਿਰਦਾਰ ਨਾਲ ਭਿੜਨ ਲਈ ਦਾਰਸ਼ਨਿਕ ਭਾਸ਼ਾਈ ਸਹਿਜ ਵੀ ਪ੍ਰਦਾਨ ਕਰੇ।
ਭਗਵਤੀਚਰਣ ਵਰਮਾ ਦਾ ਇਹ ਬਹੁ-ਪਰਤੀ ਭਾਸ਼ਾਈ ਜਾਦੂ ਚਿਤ੍ਰਲੇਖਾ ਦੀ ਹਰ ਸਤਰ ਵਿਚ ਦੇਖਣ ਨੂੰ ਮਿਲਦਾ ਹੈ, ਵੇਦਾਂ ਤੇ ਉਪਨਿਸ਼ਦਾਂ ਤੋਂ ਪ੍ਰਾਪਤ ਸੰਸਕ੍ਰਿਤ ਰੰਗਣ ਵਾਲਾ ਫ਼ਲਸਫ਼ਾਨਾ ਹਿੰਦੀ ਮੁਹਾਵਰਾ ਅਨੁਵਾਦਕ ਲਈ ਵੱਡੀ ਚੁਣੌਤੀ ਵੀ ਬਣ ਜਾਂਦਾ ਹੈ। ਸਭ ਤੋਂ ਵੱਡੀ ਚੁਣੌਤੀ ਬਿਰਤਾਂਤ ਤੇ ਸੰਵਾਦਾਂ ਨੂੰ ਅਨੁਵਾਦ ਕਰਦਿਆਂ ਸ਼ਬਦਾਂ ਪਿੱਛੇ ਲੁਕੀ ਹੋਈ ਭਾਵਨਾ ਨੂੰ ਕਾਇਮ ਰੱਖਣਾ ਸੀ। ਇਹ ਵੀ ਲਾਜ਼ਮੀ ਸੀ ਕਿ ਪੰਜਾਬੀ ਦੇ ਆਮ ਬੋਲ-ਚਾਲ ਦੀ ਭਾਸ਼ਾ ਦੇ ਸ਼ਬਦ ਵਰਤੇ ਜਾਣ ਤੇ ਨਾਲੇ ਮੂਲ ਪਾਠ ਵਿਚਲੇ ਨਸ਼ਤਰੀ ਵਿਅੰਗ ਤੇ ਦਾਰਸ਼ਨਿਕ ਡੂੰਘਾਈ ਨੂੰ ਵੀ ਕਾਇਮ ਰੱਖਿਆ ਜਾਵੇ। ਇਸ ਟੀਚੇ ਨੂੰ ਸਰ ਕਰਨ ਲਈ ਇਸ ਅਨੁਵਾਦ ਵਿਚ ਬਹੁਤ ਥਾਈਂ ਨਾ ਸਿਰਫ਼ ਮੂਲ ਪਾਠ ਦੇ ਸਮਰੂਪ ਠੇਠ ਪੰਜਾਬੀ ਸ਼ਬਦ ਲੱਭਣ ਲਈ ਤਰਦੱਦ ਕੀਤਾ ਗਿਆ ਹੈ ਬਲਕਿ ਕਈ ਥਾਈਂ ਹਿੰਦੀ-ਸੰਸਕ੍ਰਿਤ ਸ਼ਬਦਾਂ ਨੂੰ ਪੰਜਾਬੀ ਮੁਹਾਵਰੇ ਵਿਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਮੁੱਚੀ ਦੁਨੀਆ ਵਾਂਗ ਹੀ, ਪਾਪ-ਪੁੰਨ ਦਾ ਵਿਸ਼ਾ ਪੰਜਾਬੀ ਸਮਾਜ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਹੈ। ਸੂਫ਼ੀ ਸੰਤਾਂ ਤੋਂ ਲੈ ਕੇ ਗੁਰੂ ਸਾਹਿਬਾਨ ਤੱਕ ਦੀ ਬਾਣੀ ਵਿਚ ਪਾਪ-ਪੁੰਨ ਦੀ ਵਡਮੁੱਲੀ ਵਿਆਖਿਆ ਮਿਲਦੀ ਹੈ। ਭਗਵਤੀਚਰਣ ਵਰਮਾ ਸਾਮੰਤੀ ਸਮਾਜ ਵਿਚ ਮੌਜੂਦ ਦੋ ਆਪਾ-ਵਿਰੋਧੀ ਧਾਰਾਵਾਂ ਨੂੰ ਇਕ ਚਾਟੀ ਵਿਚ ਪਾ ਕੇ ਮਧਾਣੀ ਰੂਪੀ ਔਰਤ ਪਾਤਰ ਨੂੰ ਨਾਇਕ ਤੇ ਸੂਤਰਧਾਰ ਵੱਜੋਂ ਇੰਝ ਰਿੜਕਦਾ ਹੈ ਕਿ ਉਸ ਵਿਚੋਂ ਦੋਵਾਂ ਧਾਰਾਵਾਂ ਦਾ ਇਕ ਸਾਂਝਾ ਮਾਖਿਉਂ ਨਿਕਲਦਾ ਆਉਂਦਾ ਹੈ। ਮੌਜੂਦਾ ਖਪਤਵਾਦੀ ਸਮਾਜ, ਨਾਵਲ ਵਿਚ ਦਰਸਾਏ ਸਾਮੰਤੀ ਸਮਾਜ ਤੋਂ ਬਹੁਤਾ ਅੱਡਰਾ ਨਹੀਂ ਹੈ, ਇਸ ਲਈ ਚਿਤ੍ਰਲੇਖਾ ਦਾ ਪਾਪ-ਪੁੰਨ ਦਾ ਮੰਥਨ ਅੱਜ ਦੇ ਸਮਾਜ ਲਈ ਪ੍ਰਸੰਗਿਕ ਤਾਂ ਹੈ ਹੀ, ਇਹ ਜ਼ਿੰਦਗੀ ਦੇ ਅਨੇਕ ਭੇਤਾਂ ਦੇ ਤਾਲੇ ਖੋਲ੍ਹਣ ਵਾਲੀ ਕੁੰਜੀ ਵੀ ਸਾਬਤ ਹੁੰਦਾ ਹੈ। ਉਮੀਦ ਹੈ ਪੰਜਾਬੀ ਵਿਚ ਚਿਤ੍ਰਲੇਖਾ ਦਾ ਅਨੁਵਾਦ ਇਨ੍ਹਾਂ ਗੁੰਝਲਦਾਰ ਵਿਸ਼ਿਆਂ ਨੂੰ ਸਮਝਣ ਵਿਚ ਸਹਾਈ ਹੋਵੇਗਾ।
-ਦੀਪ ਜਗਦੀਪ ਸਿੰਘ, ਲੁਧਿਆਣਾ
08.11. 2023
Leave a Reply