Andhkaar Yug – Shashi Tharoor – ਅੰਧਕਾਰ ਯੁੱਗ – ਸਸ਼ੀ ਥਰੂਰ

Punjabi translation of Shashi Tharoor’s National Academy Award winner book An Era of Darkness.

andhkaar yug sashi tharoor in punjabi
ਸ਼ਸ਼ੀ ਥਰੂਰ ਦੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਅੰਗਰੇਜ਼ੀ ਪੁਸਤਕ ‘ਐਨ ਐਰਾ ਆਫ਼ ਡਾਰਕਨੈਸ’ ਦਾ ਪੰਜਾਬੀ ਅਨੁਵਾਦ ‘ਅੰਧਕਾਰ ਯੁੱਗ’ ਨਾਮ ਹੇਠ ਛਪਿਆ ਹੈ। ਸ਼ਸ਼ੀ ਥਰੂਰ ਨੂੰ ਅਨੁਵਾਦ ਕਰਨਾ ਆਪਣੇ ਆਪ ਵਿਚ ਚੁਣੌਤੀ ਸੀ ਤੇ ਇਸ ਨੂੰ ਮੈਂ ਪਰਵਾਨ ਕੀਤਾ ਸੀ। ਇਹ ਪਾਠਕ ਤੇ ਵਿਦਵਾਨ ਦੱਸਣਗੇ ਕਿ ਇਸ ਵਿਚ ਕਿੰਨਾਂ ਸਫ਼ਲ ਹੋਇਆਂ ਹਾਂ।

ਮੇਰੀ ਸੋਚ ਮੁਤਾਬਿਕ ਇਹ ਪੁਸਤਕ ਸਾਡੇ ਸਾਰਿਆਂ ਵਾਸਤੇ ਪੜ੍ਹਨੀ ਇਸ ਲਈ ਲਾਜ਼ਮੀ ਹੈ ਕਿ ਅਸੀਂ ਅਕਸਰ ਆਪਣੇ ਸਿਆਸੀ ਢਾਂਚੇ ਅਤੇ ਆਰਥਿਕਤਾ ਨੂੰ ਦੋਸ਼ ਦਿੰਦੇ ਹਾਂ ਇਸ ਦੀ ਤੁਲਨਾ ਤਰੱਕੀਸ਼ੁਦਾ ਪੱਛਮੀ ਮੁਲਕਾਂ ਨਾਲ ਕਰਦੇ ਹੋਏ ਅਸੀਂ ਆਪਣੇ ਦੇਸ਼ ਨੂੰ ਬਿਲਕੁਲ ਨਿਗੁਣਾ ਸਾਬਤ ਕਰਨ ਤੱਕ ਚਲੇ ਜਾਂਦੇ ਹਾਂ। ਇਸ ਪੁਸਤਕ ਪੜ੍ਹ ਕਿ ਸਮਝ ਆਉਂਦੀ ਹੈ ਕਿ ਜਿਸ ਵੇਲੇ ਸਾਰਾ ਪੱਛਮ ਦੁਨੀਆ ਭਰ ‘ਤੇ ਕਬਜ਼ਾ ਕਰਕੇ ਆਪਣੀ ਸਿਆਸੀ ਪੈਠ ਮਜਬੂਤ ਕਰਨ ਵਿਚ ਲੱਗਾ ਹੋਇਆ ਸੀ ਤੇ ਸੰਸਾਰ ਜੰਗਾਂ ਸਹੇੜ ਰਿਹਾ ਸੀ, ਉਸ ਵੇਲੇ ਭਾਰਤ ‘ਸੋਨੇ ਦੀ ਚਿੜੀ’ ਸੀ। ਕੁਝ ਲੋਕ ਭਾਰਤ ਨੂੰ ਇਤਿਹਾਸ ਵਿਚ ਇਕ ਇਕਾਈ ਮੰਨਣ ਤੋਂ ਵੀ ਇਨਕਾਰ ਕਰਦੇ ਹਨ, ਇਹ ਪੁਸਤਕ ਇਹ ਵੀ ਦੱਸਦੀ ਹੈ ਕਿ ਕਈ ਰਿਆਸਤਾਂ ਵਿਚ ਵੰਡੇ ਹੋਣ ਦੇ ਬਾਵਜੂਦ ਭਾਰਤੀ ਖਿੱਤੇ ਦੀ ਸਾਂਝੀ ਤੰਦ ਕੀ ਸੀ, ਜਿਸ ਨੇ ਆਖ਼ਰਕਾਰ ਬਸਤੀਵਾਦੀ ਅੰਗਰੇਜ਼ਾਂ ਨੂੰ ਇਸ ਨੂੰ ਇਕ ਸਾਂਝੀ ਇਕਾਈ ਦੇ ਰੂਪ ਵਿਚ ਪ੍ਰਸ਼ਾਸਨਿਕ ਤੌਰ ‘ਤੇ ਬੰਨ੍ਹਣ ਦੀ ਚਾਰਾਜੋਈ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਨੂੰ ਸੰਤਾਲੀ ਤੋਂ ਬਾਅਦ ਭਾਰਤੀ ਸਿਆਸਤਦਾਨਾਂ ਨੇ ਅੰਤਮ ਛੋਹ ਦਿੱਤੀ। ਸ਼ਸ਼ੀ ਥਰੂਰ ਸੰਤਾਲੀ ਵਿਚ ਹੋਈ ਵੰਡ ਤੇ ਇਕਮੁਠਤਾ ਦੋਵਾਂ ਦੇ ਵਿਰੋਧਾਭਾਸਾਂ ਨੂੰ ਬਹੁਤ ਬਾਰੀਕੀ ਨਾਲ ਪੁਣਦਾ ਹੈ।
ਇਹ ਪੁਸਤਕ ਇਹ ਵੀ ਦੱਸਦੀ ਹੈ ਕਿ ਜਿਸ ਨਿਜ਼ਾਮ ਵਿਚ ਅਸੀਂ ਜਿਉਂ ਰਹੇ ਹਾਂ, ਉਸ ਨੂੰ ਚਲਾ ਤਾਂ ਭਾਵੇਂ ਸਾਡੇ ਆਪਣੇ ਮੁਲਕ ਦੇ ਜੰਮਪਲ ਨੁਮਾਇੰਦੇ ਰਹੇ ਨੇ, ਪਰ ਚਲਾਉਣ ਵਾਲਾ ਢਾਂਚਾ ਸੰਤਾਲੀ ਤੋਂ ਬਾਅਦ ਵੀ ਬਸਤੀਵਾਦੀ ਹੀ ਹੈ ਕਿਉਂਕਿ ਇਹ ਢਾਂਚਾ ਖੜ੍ਹਾ ਹੀ ਉਨ੍ਹਾਂ ਨਿਯਮਾਂ ਅਨੁਸਾਰ ਕੀਤਾ ਗਿਆ ਹੈ, ਜੋ ਬਸਤੀਵਾਦੀ ਢਾਂਚੇ ਨੂੰ ਚਲਾਉਣ ਲਈ ਲੋੜੀਂਦੇ ਸਨ।

ਜੇ ਸਾਡੇ ਆਪਣੇ ਲੋਕਾਂ ਦਾ ਕੋਈ ਦੋਸ਼ ਹੈ ਤਾਂ ਸਿਰਫ਼ ਐਨਾ ਕਿ ਉਨ੍ਹਾਂ ਇਸ ਢਾਂਚੇ ਨੂੰ ਆਪਣੇ ਮੁਲਕ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਬਜਾਇ ਆਪਣੀ ਮਾਨਸਿਕਤਾ ਨੂੰ ਉਸ ਢਾਂਚੇ ਦੀਆਂ ਲੋੜਾਂ ਅਨੁਸਾਰ ਢਾਲ ਲਿਆ, ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਇਹ ਸਭ ਗੱਲਾਂ ਮੈਂ ਨਹੀਂ, ਸ਼ਸ਼ੀ ਥਰੂਰ ਆਪਣੀ ਇਸ ਪੁਸਤਕ ਵਿਚ ਤੱਥਾਂ, ਦਲੀਲਾਂ ਤੇ ਸਬੂਤਾਂ ਦੇ ਨਾਲ ਕਹਿ ਰਹੇ ਹਨ। ਉਹ ਦੱਸਦੇ ਹਨ ਕਿ ਕਿਵੇਂ ਵਿਕਾਸ ਦਾ ਭੁਲਾਵਾ ਅਸਲ ਵਿਚ ਲੁੱਟ ਦਾ ਹਥਿਆਰ ਬਣਿਆ ਅਤੇ ਕਿਵੇਂ ਫ਼ੌਜ, ਬੈਂਕ, ਸੜਕਾਂ, ਡਾਕ, ਤਾਰ, ਰੇਲਵੇ ਦੀ ਉਸਾਰੀ, ਨਕਸ਼ੇ, ਮਰਦਮ-ਸ਼ੁਮਾਰੀ ਤੱਕ ਨੂੰ ਹਥਿਆਰ ਬਣਾ ਕੇ ‘ਸੋਨੇ ਦੀ ਚਿੜੀ; ਦੇ ਖੰਭਾਂ ਤੋਂ ਸੋਨਾ ਲਾਹੁਣ ਦੇ ਤਰੀਕੇ ਇਜਾਦ ਕੀਤੇ ਗਏ ਤੇ ਪੱਛਮ ਦੇ ਦੋ ਸੰਸਾਰ ਜੰਗਾਂ ਵਿਚ ਤਬਾਹੀ ਨਾਲ ਖ਼ਾਲੀ ਖੜਕਦੇ ਖ਼ਜ਼ਾਨੇ ਕਿਵੇਂ ਭਰੇ ਗਏ। ਇੱਥੋਂ ਤੱਕ ਕਿ ਥਰੂਰ ਇਹ ਹਿਸਾਬ ਲਾ ਕੇ ਵੀ ਦਿੰਦਾ ਹੈ ਕਿ ਜਿੰਨਾਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਤੇ ਕੁੱਟਿਆ ਜੇ ਉਸ ਦਾ ਆਰਥਕ ਮੁਆਵਜ਼ਾ ਲੈਣਾ ਹੋਵੇ ਤਾਂ ਉਸ ਦੀਆਂ ਕਿਸਤਾਂ ਤਾਰਦਿਆਂ ਬਰਤਾਨੀਆ ਦੇ ਕਿੰਨੇ ਬੈਂਕ ਖ਼ਾਲੀ ਹੋ ਜਾਣਗੇ ਤੇ ਕਿੰਨੇ ਸਾਲ ਉਹ ਸਾਡੀਆਂ ਕਿਸਤਾਂ ਮੋੜਦਾ ਰਹੇਗਾ।
ਜੇ ਇਹ ਕਿਹਾ ਜਾਵੇ ਕਿ ਪੱਛਮ ਦੀ ਤਰੱਕੀ ਸਾਡੇ ਤੇ ਸਾਡੇ ਵਰਗੇ ਬਸਤੀ ਰਹੇ ਮੁਲਕਾਂ ਦੀ ਆਵਾਮ ਦੀਆਂ ਕਬਰਾਂ ‘ਤੇ ਉੱਸਰੀ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਪਰ ਅਫ਼ਸੋਸ ਕਿ ਅੱਜ ਪੱਛਮੀ ਮੁਲਕਾਂ ਦੀਆਂ ਸਹੂਲਤਾਂ ਮਾਣਦੇ, ਅਸੀਂ ਕਬਰਾਂ ਵਿਚ ਸੁੱਤੇ ਪਏ ਆਪਣੇ ਉਨ੍ਹਾਂ ਸ਼ਹੀਦਾਂ ਤੇ ਵੰਡ ਦੇ ਫੱਟ ਖਾ ਗਏ ਮਸੂਸਾਂ ਦੀ ਕੁਰਬਾਨੀ ਨੂੰ ਭੁੱਲ ਗਏ ਹਾਂ, ਜੋ ਆਪਣੀ ਜ਼ਿੰਮੇਵਾਰੀ ਨਿਭਾ ਕੇ ਸਾਨੂੰ ਅਗਲੀ ਤੇ ਵੱਡੀ ਆਜ਼ਾਦੀ ਦੀ ਜ਼ਿੰਮੇਵਾਰੀ ਸੌਂਪ ਗਏ ਸਨ। ਇਹ ਕਿਤਾਬ ਦੱਸਦੀ ਹੈ ਕਿ ਜਿਸ ਢਾਂਚੇ ਨੂੰ ਅਸੀਂ ਬਦਲਣਾ ਸੀ, ਉਸੇ ਵੱਲੋਂ ਖੜ੍ਹੇ ਕੀਤੇ ਪਾਰਟੀਬਾਜ਼ੀ ਦੇ ਭਰਮਜਾਲ ਵਿਚ ਆ ਕੇ ਅਸੀਂ ਸਿਰਫ਼ ਗੱਦੀਦਾਰ ਬਦਲਣ ਵਿਚ ਉਲਝੇ ਹੋਏ ਢਾਂਚੇ ਨੂੰ ਉਵੇਂ-ਜਿਵੇਂ ਬਣਾਈ ਤੇ ਬਚਾਈ ਰੱਖਣ ਦੇ ਆਹਰ ਵਿਚ ਲੱਗੇ ਹੋਏ ਹਾਂ। ਇਹ ਢਾਂਚਾ ਬਣਨ ਦਾ ਇਤਿਹਾਸ ਕੀ ਹੈ, ਇਸ ਨੂੰ ਕਿਨ੍ਹਾਂ ਮਨੋਰਥਾਂ ਲਈ ਕਦੋਂ ਤੇ ਕਿਵੇਂ ਉਸਾਰਿਆ ਗਿਆ ਤੇ ਇਹ ਕੰਮ ਕਿਵੇਂ ਕਰਦਾ ਹੈ? ਸਮਝਣ ਲਈ ਇਹ ਕਿਤਾਬ ਪੜ੍ਹਨੀ ਪਵੇਗੀ।
-ਦੀਪ ਜਗਦੀਪ ਸਿੰਘ, ਅਨੁਵਾਦਕ
ਮੇਰੀਆਂ ਅਨੁਵਾਦ ਕੀਤੀਆਂ ਹੋਰ ਕਿਤਾਬਾਂ

Posted

in

,

by

Tags:

Comments

One response to “Andhkaar Yug – Shashi Tharoor – ਅੰਧਕਾਰ ਯੁੱਗ – ਸਸ਼ੀ ਥਰੂਰ”

  1. […] ਅੰਧਕਾਰ ਯੁੱਗ (2021)ਮੂਲ ਲੇਖਕ: ਸ਼ਸ਼ੀ ਥਰੂਰਪ੍ਰਕਾਸ਼ਕ: ਲਾਹੌਰ ਬੁੱਕਸ, ਲੁਧਿਆਣਾ […]

Leave a Reply

Your email address will not be published. Required fields are marked *