ਖ਼ੁਮਾਰੀ

ਕਿਉਂ ਅਹਿਸਾਸ ਦੀ ਤੰਦ
ਜੁੜੀ ਰਹਿੰਦੀ ਹੈ ਕਿਸੇ ਨਾਲ
ਜਦੋਂ ਵੀ ਜ਼ਹਿਨ ਵਿਚ ਆਉਂਦੈ
ਇਹ ਸਵਾਲ

ਯਾਦ ਆਉਂਦੇ ਨੇ ਉਸਦੇ ਹੋਂਠ
ਆਪ-ਮੁਹਾਰੇ ਗੱਲਾਂ ਕਰਦੇ
ਖੁੱਲਦੇ, ਬੰਦ ਹੁੰਦੇ
ਫੇਰ ਖੁੱਲਦੇ
ਬੇਅੰਤ ਵਿਸ਼ਿਆਂ ਨੂੰ ਛੋਂਹਦੇ
ਅਨੰਤ ਦੁਆਰ ਖੋਲਦੇ

ਫੈਲ ਜਾਵੇ ਸੁੰਨ ਚੁਫੇਰੇ
ਨਾ ਸੁਣੇ ਕੋਈ ਆਵਾਜ਼
ਨਾ ਕੋਈ ਸ਼ੋਰ ਅੰਦਰ ਬਾਹਰ ਦਾ
ਬੱਸ ਦਿਸਦੇ ਰਹਿਣ ਹੋਂਠ
ਅਣਭੋਲ ਜਿਹੀਆਂ ਗੱਲਾਂ ਕਰਦੇ
ਵੱਖ-ਵੱਖ ਆਕਾਰ ਬਣਾਉਂਦੇ
ਅੱਖਾਂ ਰਾਹੀਂ ਰੂਹ ਵਿਚ ਉਤਰਦੇ ਜਾਂਦੇ
ਗੱਲਾਂ ਨਾਲੋਂ ਵੀ ਅਹਿਮ ਹੋ ਜਾਂਦੇ
ਹੋਠਾਂ ਦੇ ਬਣਦੇ-ਬਦਲਦੇ ਆਕਾਰ
ਸਮੋ ਲੈਂਦੇ ਆਪਣੇ ਅੰਦਰ ਸਗਲ ਸੰਸਾਰ

ਕਿੰਨਾ ਖ਼ੂਬਸੂਰਤ ਆਕਾਰ ਧਾਰਦੇ
ਜਦੋਂ ਇਹ ਉਚਾਰਦੇ
ਮੇਰਾ ਨਾਮ
ਪਿਕਾਸੋ ਦੀ ਕੋਈ ਕਲਾ-ਕਿਰਤ ਲੱਗਦੇ
ਸੋਚਦਾਂ ਖਿੱਚ ਕੇ ਰੱਖ ਲਵਾਂ
ਇਨ੍ਹਾਂ ਹੋਠਾਂ ਤੇ ਉੱਕਰੀ
ਆਪਣੇ ਨਾਮ ਦੀ ਤਸਵੀਰ
ਸੋਚਦਿਆਂ ਹੀ
ਚੜ੍ਹਦੀ ਅਜਬ ਖ਼ੁਮਾਰੀ
ਨਸ਼ਿਆ ਦਿੰਦੀ ਰੂਹ ਸਾਰੀ

ਹਾਏ ! ਇਹ ਖ਼ੁਮਾਰੀ

ਕਿਤੇ ਇਹੀ ਤਾਂ ਨਹੀਂ
ਜੋ ਜੋੜੀ ਰੱਖਦੀ
ਮੇਰੀ ਰੂਹ ਨੂੰ ਉਸਦੀ ਰੂਹ ਦੇ ਨਾਲ

ਨਹੀਂ ਤਾਂ ਕਿਉਂ ਅਹਿਸਾਸ ਦੀ ਤੰਦ
ਜੁੜੀ ਰਹਿੰਦੀ ਹੈ ਕਿਸੇ ਨਾਲ

Leave a Reply