ਤੁਹਾਡੇ ਸਿਰਜੇ ਸਮਾਜ ਦੀ
ਨਜ਼ਰ ਵਿੱਚ ਨਜ਼ਰਬੰਦ
ਸਵਾਲਾਂ ਦੀਆਂ ਸੀਖਾਂ ’ਚ
ਘਿਰੀ ਮੇਰੀ ਰੂਹ ਨੂੰ
ਦੇਵੋ ਆਜ਼ਾਦੀ
ਮੌਤ ਤਾਂ ਮੇਰੇ ਵੱਸ ’ਚ ਨਹੀਂ
ਪਰ ਦਿਓ ਆਜ਼ਾਦੀ ਜਿਓਣ ਦੀ
ਭਾਵੇਂ ਰੁੰਡ-ਮੁੰਡ ਹੋ ਜਾਵਾਂ
ਜਾਂ ਜਟਾਧਾਰੀ
ਦਿਓ ਆਜ਼ਾਦੀ
ਆਪਣਾ ਸਿਰ ਬਚਾਉਣ ਦੀ
ਘੁੰਮਾਂ ਨੰਗ-ਧੜੰਗ
ਵਿਖਾਵੇ ਦੇ ਕੱਪੜਿਆ ਦੀ ਕੈਦ ਤੋਂ
ਦੇ ਦਿਓ ਆਜ਼ਾਦੀ
ਮਰਦ
ਔਰਤ
ਜਾਂ ਕੁਝ ਹੋਰ ਹੋਵਾਂ
ਦਿਓ ਆਜ਼ਾਦੀ
ਲਿੰਗ ਮੁਕਤ ਹੋ ਜਾਣ ਦੀ
ਉਹ ਟਾਪੂ ਦੱਸੋ
ਜਿੱਥੇ ਲਿੰਗ, ਰੰਗ, ਨਸਲ, ਕੌਮ ਦੀ
ਪਛਾਣ ਤੋਂ ਬਿਨ੍ਹਾਂ ਜੀ ਸਕਾਂ
ਬੇਹੀਆਂ ਵਿਚਾਰਧਾਰਾਵਾਂ ਦੀ ਕੈਦ ’ਚੋਂ
ਕਰੋ ਆਜ਼ਾਦ ਮੈਨੂੰ
ਦਿਓ ਆਜ਼ਾਦੀ ਆਪਣੀ ਸੋਚ ਦਾ
ਮੁੱਕਾ ਕੱਸਣ ਦੀ
ਆਜ਼ਾਦੀ
ਅੱਗ ਠੰਡੀ ਕਰਨ ਦੀ
ਜ਼ਹਿਨਾਂ ’ਚ ਬਲਦੇ ਲਾਂਬੂ ਬੁਝਾਵਾਂਗਾ
ਆਜ਼ਾਦੀ
ਪੱਥਰ ਪਿਘਲਾਉਣ ਦੀ
ਸੀਨੇ ’ਚ ਜੰਮੇ ਦਿਲ ਮੋਮ ਬਣਾਵਾਂਗਾ
ਆਜ਼ਾਦੀ
ਪਾਣੀ ’ਚ ਅੱਗ ਲਾਉਣ ਦੀ
ਬਰਫ਼ ਹੋ ਚੁੱਕੇ ਲਹੂ ’ਚ ਉਬਾਲੇ ਲਿਆਵਾਂਗਾ
ਕੱਟ ਦੇਵੋ ਬੇੜੀਆਂ
ਹੱਦਾਂ
ਸਰਹੱਦਾਂ
ਸਮਾਜ ਦੇ ਆਡੰਬਰਾਂ ਦੀਆਂ
ਹੁਣ ਮੇਰਾ ਨਹੀਂ ਸਰਨਾ
ਸਿਰਫ਼ ਮੁਲਕ ਦੀ ਆਜ਼ਾਦੀ ਨਾਲ
ਮੈਨੂੰ ਦਿਓ
ਬ੍ਰਹਿਮੰਡ ਦੀ ਆਜ਼ਾਦ
✍ਦੀਪ ਜਗਦੀਪ ਸਿੰਘ
My Poetry in Hindi | My Poetry in Punjabi | My Poetry in English
Leave a Reply