ਸਫ਼ਲ ਫ਼ਿਲਮ ਲੇਖਕ ਬਣਨ ਦਾ ਸ਼ੌਰਟ-ਕੱਟ

–ਦੀਪ ਜਗਦੀਪ ਸਿੰਘ–

ਛੋਟੇ ਪਰਦੇ ਵਾਲੇ ਬੁੱਧੂ ਬਕਸੇ ਭਾਵ ਟੈਲੀਵਿਜ਼ਨ ਜਿਸ ਨੂੰ ਅਸੀਂ ਟੀ. ਵੀ ਕਹਿ ਲੈਂਦੇ ਹਾਂ ਲਈ ਲਿਖਦਿਆਂ ਮੈਨੂੰ ਚਾਰ ਕੁ ਸਾਲ ਹੋ ਗਏ ਨੇ। ਉਂਜ ਜਦੋਂ ਸੰਨ 2000 ਦੇ ਨੇੜੇ-ਤੇੜੇ ਮੈਂ ਪੱਤਰਕਾਰੀ ਦੇ ਖੇਤਰ ਵਿਚ ਨਿੱਤਰਿਆ ਸੀ ਤਾਂ ਸਫ਼ਲ ਹੋਣ ਦਾ ਰਾਹ ਲੱਭਣ ਲਈ ਮੈਂ ਅਕਸਰ ਸਿਆਣਿਆਂ ਦੀ ਸਲਾਹ ਵੀ ਲੈਂਦਾ ਰਹਿੰਦਾ ਸਾਂ ਅਤੇ ਆਤਮ-ਚਿੰਤਨ ਵੀ ਕਰਦਾ ਰਹਿੰਦਾ ਸਾਂ। ਇਹ ਸਿਲਸਿਲਾ ਅੱਜ ਕਰੀਬ ਇਕ ਦਹਾਕੇ ਦੇ ਕਸਬੀ ਸਫ਼ਰ ਤੋਂ ਬਾਅਦ ਵੀ ਜਾਰੀ ਹੈ। ਕਿਸੇ ਵੀ ਲੇਖਕ ਨੂੰ ਸ਼ੁਰੂਆਤੀ ਦੌਰ ਵਿਚ ਇਸ ਗੱਲ ਦੀ ਚਿੰਤਾ ਲਾਜ਼ਮੀ ਹੁੰਦੀ ਹੈ ਕਿ ਕੀ ਉਸ ਦੀ ਸਿਰਜਣਾਤਮਕ ਕਿਰਤ ਸਹੀ ਮਾਧਿਅਮ ਤੱਕ ਪਹੁੰਚ ਸਕੇਗੀ? ਕੀ ਉਸ ਨੂੰ ਉਚਿਤ ਮੁਆਵਜ਼ਾ ਅਤੇ ਨਾਮਣਾ ਮਿਲੇਗਾ? ਕਿਤੇ ਉਸ ਦੀ ਮਿਹਨਤ ਨਾਲ ਸਿਰਜੀ ਕਿਰਤ ਚੋਰੀ ਤਾਂ ਨਹੀਂ ਹੋ ਜਾਵੇਗੀ? ਕੀ ਇਨ੍ਹਾਂ ਸਭ ਸੁਆਲਾਂ ਅਤੇ ਰੁਕਾਵਟਾਂ ਨਾਲ ਜੂਝਦਿਆਂ ਉਹ ਇਸ ਖੇਤਰ ਵਿਚ ਸਫ਼ਲ ਹੋ ਸਕੇਗਾ ਕਿ ਨਹੀਂ? ਆਪਣੇ ਬਾਰੇ ਮੈਨੂੰ ਨਹੀਂ ਪਤਾ ਕਿ ਮੈਂ ਸਫ਼ਲ ਹਾਂ ਜਾਂ ਅਸਫ਼ਲ ਪਰ ਇੰਨਾਂ ਜ਼ਰੂਰ ਹੈ ਕਿ ਇਸ ਪੂਰੇ ਦਹਾਕੇ ਵਿਚ ਮੈਂ ਲਗਾਤਾਰ ਕੰਮ ਕਰਦਾ ਰਿਹਾ ਹਾਂ ਅਤੇ ਮੈਨੂੰ ਲਗਾਤਾਰ ਕੰਮ ਵੀ ਮਿਲਦਾ ਰਿਹਾ ਹੈ ਅਤੇ ਲੋੜਾਂ ਪੂਰੀਆਂ ਕਰਨ ਜੋਗਾ ਮਿਹਨਤਾਨਾ ਵੀ। ਮੇਰੀਆਂ ਸਿਰਜਣਾਤਮਕ ਕਿਰਤਾਂ ਨੂੰ ਚੰਗੇ ਮਾਧਿਅਮਾਂ ਵਿਚ ਛਪਣ ਅਤੇ ਦਿਸਣ ਦਾ ਮੌਕਾ ਵੀ ਮਿਲਦਾ ਰਿਹਾ ਅਤੇ ਖੁਸ਼ਕਿਸਮਤੀ ਨਾਲ ਹਾਲੇ ਤੱਕ ਮੇਰੀ ਕੋਈ ਸਿਜਰਣਾਤਮਕ ਕਿਰਤ ਨਾ ਚੋਰੀ ਹੋਈ ਹੈ ਅਤੇ ਨਾ ਹੀ ਕਿਸੇ ਨੇ ਮੇਰੀ ਕਿਰਤ ਵਿਚ ਆਪਣਾ ਨਾਮ ਪਾ ਕੇ ਮੇਰੇ ਨਾਲ ਧੋਖਾਧੜੀ ਵਰਗਾ ਘਿਨੌਣਾ ਕੁਕਰਮ ਕੀਤਾ ਹੈ। ਆਪਣੇ ਖੇਤਰ ਵਿਚ ਵਿਚਰਦਿਆਂ ਅਕਸਰ ਵਿਦਿਆਰਥੀ ਅਤੇ ਇਸ ਖੇਤਰ ਵੱਲ ਕਦਮ ਵਧਾਉਣ ਦੇ ਚਾਹਵਾਨ ਉਪਰੋਕਤ ਸਵਾਲਾਂ ਨਾਲ ਜੁੜੀਆਂ ਆਪਣੀਆਂ ਚਿੰਤਾਵਾਂ ਬਾਰੇ ਮੇਰੀ ਰਾਇ ਪੁੱਛ ਲੈਂਦੇ ਹਨ। ਅੱਜ ਕੱਲ੍ਹ ਤਾਂ ਫੇਸਬੁੱਕ, ਟਵਿੱਟਰ ਅਤੇ ਈ-ਮੇਲ ਰਾਹੀਂ ਵੀ ਕਈ ਸਾਥੀਆਂ ਦੇ ਇਸ ਸੰਬੰਧੀ ਸੁਨੇਹੇ ਆ ਜਾਂਦੇ ਹਨ।

ਅੱਜ ਹੀ ਇਕ ਨੌਜਵਾਨ ਪਟਕਥਾ ਲੇਖਕ (ਸਕ੍ਰਿਪਟ ਰਾਈਟਰ) ਨੇ ਮੈਨੂੰ ਫੇਸਬੁੱਕ ਰਾਹੀਂ ਭੇਜੇ ਸੁਨੇਹੇ ਵਿਚ ਕਿਹਾ ਸੀ ਕਿ ਜੇ ਹੋ ਸਕੇ ਤਾਂ ਮੈਂ ਕਿਸੇ ਡਾਇਰੈਕਟਰ ਨਾਲ ਉਸਦੀ ਮੁਲਾਕਾਤ ਕਰਵਾ ਦਿਆਂ ਤਾਂ ਜੋ ਉਹ ਆਪਣੀ ਸਕ੍ਰਿਪਟ ਪਰਦੇ ‘ਤੇ ਉਤਾਰਨ ਵਿਚ ਸਫ਼ਲ ਹੋ ਸਕੇ। ਮੈਂ ਉਸ ਨੂੰ ਸਲਾਹ ਦਿੱਤੀ ਕਿ ਅੱਜ ਕੱਲ੍ਹ ਜ਼ਿਆਦਾਤਰ ਚੰਗੇ ਨਿਰਦੇਸ਼ਕ ਕਿਸੇ ਦੀ ਸਿਫ਼ਾਰਸ ਦੀ ਬਜਾਇ ਸਕ੍ਰਿਪਟ ਤੇ ਜ਼ਿਆਦਾ ਭਰੋਸਾ ਕਰਦੇ ਹਨ। ਇਸ ਲਈ ਉਸ ਨੂੰ ਮੇਰੇ ਜਾਂ ਕਿਸੇ ਹੋਰ ਦੀ ਸਿਫ਼ਾਰਿਸ਼ ਦੀ ਬਜਾਇ ਚੰਗੀ ਸਕ੍ਰਿਪਟ ਆਪਣੀ ਪਸੰਦ ਦੇ ਪ੍ਰੋਫੈਸ਼ਨਲ ਨਜ਼ਰੀਏ ਵਾਲੇ ਡਾਇਰਕੈਟਰ ਨੂੰ ਭੇਜ ਦੇਣੀ ਚਾਹੀਦੀ ਹੈ। ਜੇ ਉਸ ਨੂੰ ਸਕ੍ਰਿਪਟ ਚੰਗੀ ਲੱਗੇਗੀ ਤਾਂ ਉਹ ਜ਼ਰੂਰ ਉਸ ਨੂੰ ਪਰਦੇ ‘ਤੇ ਉਤਾਰਨਾ ਚਾਹੇਗਾ। ਇਹ ਸਲਾਹ ਸੁਣ ਕੇ ਉਸ ਦਾ ਜੋ ਜਵਾਬ ਆਇਆ, ਉਸ ਨੇ ਮੈਨੂੰ ਕੋਈ ਬਹੁਤਾ ਹੈਰਾਨ ਨਾ ਕੀਤਾ, ਕਿਉਂ ਕਿ ਉਸ ਨੇ ਜੋ ਦੱਸਿਆ ਉਹ ਅੱਜ ਨਹੀਂ ਬਲਕਿ ਲੰਬੇ ਅਰਸੇ ਤੋਂ ਹੁੰਦਾ ਰਿਹਾ ਹੈ। ਜਦੋਂ ਵੀ ਕਿਸੇ ਨਵੇਂ ਲੇਖਕ ਨੇ ਆਪਣੇ ਗੀਤ, ਕਹਾਣੀ ਜਾਂ ਸਕ੍ਰਿਪਟ ਕਿਸੇ ਕੰਪਨੀ, ਫ਼ਿਲਮਕਾਰ ਜਾਂ ਗਾਇਕ ਨਾਲ ਸਾਂਝੇ ਕੀਤੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸ਼ੌਹਰਤ ਅਤੇ ਵਾਜਿਬ ਮਿਹਨਤਾਨੇ ਦੀ ਬਜਾਇ ਆਪਣੀ ਕਿਰਤ ਦੇ ਚੋਰੀ ਹੋ ਜਾਣ ਦੀ ਸਜ਼ਾ ਅਤੇ ਦੁੱਖ ਹੀ ਮਿਲੇ ਹਨ। ਉਸਦੀ ਕਿਰਤ ਨਾਲ ਲੋਕ ਕਰੋੜਾਂ ਕਮਾ ਲੈਂਦੇ ਹਨ, ਸਿਤਾਰੇ ਚਮਕਾ ਲੈਂਦੇ ਹਨ ਅਤੇ ਉਹ ਬਣਦੇ ਨਾਮ ਅਤੇ ਨਾਂਵੇ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਉਸ ਨੌਜਵਾਨ ਦੇ ਦੱਸਣ ਮੁਤਾਬਿਕ ਉਸ ਨਾਲ ਵੀ ਦੋ ਵਾਰ ਇੰਝ ਹੀ ਹੋ ਚੁੱਕਾ ਹੈ। ਉਸ ਨਾਲ ਹੋਈ ਇਸ ਗੱਲਬਾਤ ਨੇ ਮੈਨੂੰ ਇਹ ਸਤਰਾਂ ਲਿਖਣ ਲਈ ਇਕ ਹਲੂਣਾ ਦੇ ਦਿੱਤਾ ਕਿਉਂ ਕਿ ਲੰਬੇ ਸਮੇਂ ਤੋਂ ਮੈਂ ਆਪਣੇ ਕਿੱਤੇ ਬਾਰੇ ਨਿੱਜੀ ਤਜਰਬਿਆਂ ਤੋਂ ਹਾਸਿਲ ਕੀਤੀ ਆਮ ਪਰ ਬੇਹੱਦ ਮਹਤੱਵਪੂਰਨ ਜਾਣਕਾਰੀ ਇਸ ਖੇਤਰ ਵਿਚ ਹੱਥ ਅਜ਼ਮਾਈ ਕਰਨ ਦੇ ਚਾਹਵਾਨ ਸਾਥੀਆਂ ਨਾਲ ਸਾਂਝੀ ਕਰਨ ਬਾਰੇ ਸੋਚ ਰਿਹਾ ਸਾਂ।

ਇਸ ਖੇਤਰ ਵਿਚ ਸਫ਼ਲਤਾ ਦਾ ਸਭ ਤੋਂ ਵੱਡਾ ਸ਼ੌਰਟ-ਕੱਟ ਤਾਂ ਇਹੀ ਹੈ ਕਿ ਤੁਹਾਡੀ ਕਿਰਤ ਵਿਚ ਐਨਾ ਦਮ ਹੋਵੇ ਕਿ ਕੋਈ ਉਸ ਨੂੰ ਨਜ਼ਰਅੰਦਾਜ਼ ਕਰ ਹੀ ਨਾ ਸਕੇ। ਉਸ ਦੇ ਲਈ ਪੂਰੀ ਮਿਹਨਤ, ਲਗਨ ਅਤੇ ਹੁਨਰ ਨਾਲ ਚੰਗੀ ਸਕ੍ਰਿਪਟ ਜਾਂ ਗੀਤ ਲਿਖਣਾ ਪਹਿਲੀ ਸ਼ਰਤ ਹੈ। ਫ਼ਿਲਮ ਹੋਵੇ, ਟੀ.ਵੀ. ਪ੍ਰੋਗਰਾਮ ਜਾਂ ਗੀਤ ਉਸ ਦੀ ਸਫ਼ਲਤਾ ਦੀ ਪਹਿਲੀ ਸ਼ਰਤ ਹੁੰਦੀ ਹੈ ਉਸ ਦਾ ਮਨੋਰੰਜਕ ਹੋਣਾ। ਕੋਈ ਵੀ ਦਰਸ਼ਕ ਜਾਂ ਸਰੋਤਾ ਆਪਣੀ ਮਿਹਨਤ ਦੀ ਕਮਾਈ ਅਤੇ ਕੀਮਤੀ ਵਕਤ ਖਰਚ ਕੇ ਜਦੋਂ ਤੁਹਾਡੀ ਕਿਰਤ ਵੇਖਦਾ-ਸੁਣਦਾ ਹੈ ਤਾਂ ਉਸਦਾ ਪਹਿਲਾ ਅਤੇ ਵੱਡਾ ਮਨੋਰਥ ਮਨੋਰੰਜਨ ਹੀ ਹੁੰਦਾ ਹੈ। ਜੇ ਉਸ ਕਿਰਤ ਵਿਚੋਂ ਜ਼ਿੰਦਗੀ ਵਿਚ ਕੰਮ ਆਉਣ ਵਾਲੀ ਕੋਈ ਗੱਲ ਜਾਂ ਨੁਕਤਾ ਵੀ ਉਸ ਨੂੰ ਮਿਲ ਜਾਵੇ ਤਾਂ ਉਹ ਉਸ ਮਨੋਰੰਜਕ ਕਿਰਤ ਨੂੰ ਸਾਂਭ ਕੇ ਰੱਖ ਲੈਂਦਾ ਹੈ। ਜਿਸਦੀਆਂ ਕਿਰਤਾਂ ਸਾਂਭ ਕੇ ਰੱਖੀਆਂ ਜਾਂਦੀਆਂ ਅਤੇ ਚਾਅ ਨਾਲ ਵੇਖੀਆ ਸੁਣੀਆਂ ਜਾਂਦੀਆਂ ਹਨ, ਉਹੀ ਸਫ਼ਲ ਗਿਣੇ ਜਾਂਦੇ ਹਨ। ਜਿਹੜੇ ਲੇਖਕ ਇਹ ਨੁਕਤਾ ਫੜ ਲੈਂਦੇ ਹਨ, ਉਨ੍ਹਾਂ ਨੂੰ ਸਫ਼ਲ ਹੋਣ ਦਾ ਪੱਕਾ ਸ਼ੌਰਟ-ਕੱਟ ਮਿਲ ਜਾਂਦਾ ਹੈ।

ਹੁਣ ਜਦੋਂ ਮਿਆਰੀ ਕਿਰਤ ਰਚੀ ਜਾਂਦੀ ਹੈ ਤਾਂ ਹਰ ਲੇਖਕ ਦਾ ਸੁਪਨਾ ਉਸ ਨੂੰ ਜਲਦ ਤੋਂ ਜਲਦ ਸਰੋਤਿਆਂ ਤੱਕ ਪਹੁੰਚਾਉਣ, ਉਸ ਰਾਹੀਂ ਦੌਲਤ-ਸ਼ੌਹਰਤ ਕਮਾਉਣ ਦਾ ਹੁੰਦਾ ਹੈ। ਇਹੀ ਹਰ ਮਿਆਰੀ ਲੇਖਕ ਦਾ ਹੱਕ ਹੁੰਦਾ ਹੈ। ਪਰ ਕਲਮ ਦੇ ਇਕ ਚੰਗੇ ਕਿਰਤੀ ਨੂੰ ਵੱਡਾ ਫ਼ਿਕਰ ਇਹੀ ਸਤਾਉਂਦਾ ਹੈ ਕਿ ਉਸ ਦੀ ਕਿਰਤ ਨਾਲ ਚੋਰੀ, ਧੋਖਾਧੜੀ ਜਾਂ ਹੇਰਾਫੇਰੀ ਨਾ ਹੋ ਜਾਏ। ਸੋ, ਸਫ਼ਲਤਾ ਦੇ ਇਸ ਸ਼ੌਰਟ-ਕੱਟ ਦੇ ਅਗਲੇ ਪੜਾਅ ਵਿਚ ਮੈਂ ਇਸੇ ਚਿੰਤਾਂ ਦਾ ਹੱਲ ਦੱਸਣ ਦੀ ਕੌਸ਼ਿਸ਼ ਕਰ ਰਿਹਾ ਹਾਂ। ਉਂਝ ਹਰ ਆਮ ਕਿਰਤੀ ਵਾਂਗ ਮੈਂ ਆਪਣੀ ਕਿਰਤ ਨੂੰ ਸੁਰਖਿੱਅਤ ਰੱਖਣ ਲਈ ਅਤੇ ਉਸ ਦਾ ਵਾਜਬ ਮਿਹਨਤਾਨਾ ਹਾਸਿਲ ਕਰਨ ਲਈ ਲੋੜੀਂਦੀ ਚਾਰਾਜੋਈ ਕਰਦਾ ਹਾਂ। ਇਨ੍ਹਾਂ ਵਿਚ ਕੁਝ ਲਾਜ਼ਮੀ ਅਤੇ ਮਹੱਤਵਪੂਰਣ ਨੁਕਤੇ ਮੈਂ ਸਾਰਿਆ ਨਾਲ ਸਾਂਝੇ ਕਰ ਰਿਹਾ ਹਾਂ। ਮੈਂ ਪਹਿਲਾਂ ਹੀ ਖ਼ਬਰਦਾਰ ਕਰ ਦੇਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੁਕਤਿਆਂ ਨਾਲ ਸਾਡੀ ਰਚਨਾਤਮਕ ਕਿਰਤ ਨੂੰ ਸਹੀ ਮੁੱਲ ਅਤੇ ਮਾਣ ਮਿਲਣ ਦੀ 100 ਫ਼ੀਸਦੀ ਗਰੰਟੀ ਤਾਂ ਨਹੀਂ ਮਿਲਦੀ, ਪਰ ਇਕ ਤਾਂ ਅਸੀਂ ਆਪਣਾ ਹੱਕ ਪੇਸ਼ ਕਰਨ ਦੇ ਨਾਲ-ਨਾਲ ਉਸ ਦਾ ਵਾਜਿਬ ਮੁਆਵਜ਼ਾ ਅਤੇ ਮਾਣ ਹਾਸਿਲ ਕਰਨ ਲਈ ਆਪਣੇ ਹੱਥ ਪੱਕੇ ਜ਼ਰੂਰ ਕਰ ਸਕਦੇ ਹਾਂ। ਦੂਸਰਾ ਇਨ੍ਹਾਂ ਨੁਕਤਿਆਂ ‘ਤੇ ਚੱਲਣ ਵਾਲੇ ਲੇਖਕਾਂ ਨੂੰ ਮੀਡੀਆ ਵਿਚ ਪ੍ਰੋਫੈਸ਼ਨਲ ਵੱਜੋਂ ਦੇਖਿਆ ਜਾਂਦਾ ਹੈ ਅਤੇ ਚੰਗੇ ਪੱਧਰ ਦੇ ਨਿਰਮਾਤਾ-ਨਿਰਦੇਸ਼ਕ-ਕਲਾਕਾਰ ਕਿਸੇ ਕਿਸਮ ਦੀ ਧੋਖਾਧੜੀ ਅਤੇ ਚੋਰੀ ਤੋਂ ਗੁਰੇਜ਼ ਹੀ ਕਰਦੇ ਹਨ। ਫ਼ਿਰ ਵੀ ਜੇ ਕੋਈ ਚਾਰ ਸੌ ਵੀਹ ‘ਤੇ ਉਤਰ ਹੀ ਆਵੇ ਤਾਂ ਉਸ ਨੂੰ ਤੁਸੀਂ ਕਾਨੂੰਨੀ ਮਾਧਿਅਮਾਂ ਰਾਹੀਂ ਲੰਮੇ ਹੱਥੀਂ ਜ਼ਰੂਰ ਲੈ ਸਕਦੇ ਹੋ।

ਸਭ ਤੋਂ ਪਹਿਲਾਂ ਤਾਂ ਅੱਜ ਦੇ ਦੌਰ ਦੇ ਲੇਖਕ ਖ਼ਾਸ ਕਰ ਮੀਡੀਆ ਖੇਤਰ ਲਈ ਲਿਖਣ ਵਾਲੇ ਲੇਖਕਾਂ ਨੂੰ ਭਾਰਤ ਦੀ ਫ਼ਿਲਮ ਰਾਈਟਰਜ਼ ਐਸੋਸਿਏਸ਼ਨ ਦੀ ਮੈਂਬਰਸ਼ਿਪ ਜ਼ਰੂਰ ਲੈ ਲੈਣੀ ਚਾਹੀਦੀ ਹੈ। ਮੇਰੀ ਸੋਚ ਤਾਂ ਇਹ ਹੈ ਕਿਸੇ ਵੀ ਨਵੇਂ ਲੇਖਕ ਨੂੰ ਘੱਟੋ-ਘੱਟ ਉਦੋਂ ਤੱਕ ਕਿਸੇ ਨਿਰਮਾਤਾ-ਨਿਰਦੇਸ਼ਕ-ਕਲਾਕਾਰ ਨਾਲ ਆਪਣੀ ਕਿਰਤ ਸਾਂਝੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਉਹ ਲੇਖਕਾਂ ਦੀ ਇਸ ਐਸੋਸਿਏਸ਼ਨ ਦਾ ਮੈਂਬਰ ਨਹੀਂ ਬਣ ਜਾਂਦਾ ਅਤੇ ਉਸ ਕੋਲ ਆਪਣੀਆਂ ਲਿਖਤਾਂ ਰਜਿਸਟਰ ਨਹੀਂ ਕਰਵਾ ਲੈਂਦਾ। ਇਹ ਮੈਂਬਰਸ਼ਿਪ ਲੈਣੀ ਬਹੁਤ ਹੀ ਸੌਖੀ ਹੈ। ਚਾਹਵਾਨ ਸਾਥੀ ਦ ਫ਼ਿਲਮ ਰਾਈਟਰਜ਼ ਐਸੋਸਿਏਸ਼ਨ ਦੀ ਵੈੱਬਸਾਈਟ (ਲਿੰਕ) ਤੋਂ ਮੈਂਬਰਸ਼ਿਪ ਫਾਰਮ ਡਾਊਨਲੋਡ ਕਰ ਕੇ, ਭਰ ਕੇ, ਪੰਜ ਕੁ ਹਜ਼ਾਰ ਰੁਪਏ ਦੀ ਫ਼ੀਸ ਦਾ ਚੈੱਕ, ਆਪਣੇ ਪਤੇ ਅਤੇ ਪਛਾਣ ਦੇ ਦਸਤਾਵੇਜਾਂ ਨਾਲ ਨੱਥੀ ਕਰਕੇ ਭੇਜ ਸਕਦਾ ਹੈ। ਮੈਂਬਰ ਨੂੰ ਉਸ ਦਾ ਸ਼ਨਾਖ਼ਤੀ ਕਾਰਡ ਘਰ ਦੇ ਪਤੇ ਤੇ ਹੀ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਆਪਣੇ ਮੈਂਬਰਸ਼ਿਪ ਨੰਬਰ ਨਾਲ ਐਸੋਸਿਏਸ਼ਨ ਦੀ ਵੈੱਬਸਾਈਟ ‘ਤੇ ਆਪਣਾ ਖਾਤਾ ਖੋਲ੍ਹ ਸਕਦੇ ਹਾਂ। ਫ਼ਿਰ ਅਸੀਂ ਆਪਣੀਆਂ ਫ਼ਿਲਮੀ ਕਹਾਣੀਆਂ, ਗੀਤ, ਡਾਇਲੌਗ ਆਦਿ ਜੋ ਚਾਹੀਏ ਆਨ-ਲਾਇਨ ਹੀ ਰਜਿਸਟਰ ਕਰਵਾ ਸਕਦੇ ਹਾਂ। ਇਸ ਕੰਮ ਲਈ ਐਸੋਸਿਏਸ਼ਨ ਇਕ ਮਾਮੂਲੀ ਫ਼ੀਸ ਪ੍ਰਤਿ ਪੰਨੇ ਦੇ ਹਿਸਾਬ ਨਾਲ ਵਸੂਲ ਕਰਦੀ ਹੈ। ਇਸ ਮੈਂਬਰਸ਼ਿਪ ਦਾ ਫਾਇਦਾ ਇਹ ਹੈ ਕਿ ਜੇ ਕੋਈ ਨਿਰਮਾਤਾ-ਨਿਰਦੇਸ਼ਕ-ਕਲਾਕਾਰ ਤੁਹਾਡੀ ਕਿਰਤ ਦੀ ਚੋਰੀ ਕਰਦਾ ਹੈ ਜਾਂ ਤੁਹਾਡੇ ਧੋਖਾਧੜੀ ਹੁੰਦੀ ਹੈ ਜਾਂ ਤੁਹਾਡੀ ਕਿਰਤ ਦਾ ਵਾਜਿਬ ਮੁਆਵਜ਼ਾ ਨਹੀਂ ਮਿਲਦਾ ਤਾਂ ਅਸੀਂ ਇਹ ਮਸਲਾ ਐਸੋਸਿਏਸ਼ਨ ਕੋਲ ਲਿਜਾ ਸਕਦੇ ਹਾਂ, ਜੋ ਆਪਣੇ ਮੈਂਬਰਾਂ ਨੂੰ ਵਾਜਿਬ ਮੁਆਵਜ਼ਾ ਅਤੇ ਸਹੀ ਕ੍ਰੈਡਿਟ ਦਿਵਾਉਣ ਲਈ ਕਾਨੂੰਨੀ ਮਦਦ ਕਰਦੀ ਹੈ।

ਮੈਂਬਰ ਬਣਨ ਤੋਂ ਬਾਅਦ ਅਸੀਂ ਦਿਲ ਖੋਲ੍ਹ ਕੇ ਆਪਣੀ ਕਿਰਤ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਨਾਲ ਸਾਂਝੀ ਕਰ ਸਕਦੇ ਹਾਂ। ਫ਼ਿਰ ਵੀ ਮੈਂ ਇਸ ਮਾਮਲੇ ਵਿਚ ਸੰਜਮ ਵਰਤਦਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਦਾ ਹਾਂ ਕਿ ਜੋ ਮੈਂ ਲਿਖ ਰਿਹਾ ਹਾਂ ਉਸ ਜਿਹਾ ਮੈਟਰ ਕਿਹੜਾ ਕਲਾਕਾਰ ਜਾਂ ਨਿਰਮਾਤਾ/ਨਿਰਦੇਸ਼ਕ ਰਿਕਾਰਡ ਕਰਨਾ ਪਸੰਦ ਕਰਦਾ ਹੈ। ਉਹਨਾਂ ਦੀ ਗਿਣਤੀ ਵੀ ਕਈ ਹੋ ਸਕਦੀ ਹੈ, ਉਨ੍ਹਾਂ ਵਿਚੋਂ ਕੁਝ ਖ਼ਾਸ ਨਾਲ ਭਰੋਸੇਮੰਦ ਮਾਹੌਲ ਬਣਾਉਣ ਤੋਂ ਬਾਅਦ ਹੀ ਮੈਂ ਉਨ੍ਹਾਂ ਨਾਲ ਆਪਣੀ ਕਿਰਤ ਸਾਂਝੀ ਕਰਦਾ ਹਾਂ। ਮੈਂ ਉਨ੍ਹਾਂ ਨਾਲ ਸਿਰਫ਼ ਉਹੀ ਲਿਖਤਾਂ ਸਾਂਝੀਆਂ ਕਰਦਾ ਹਾਂ ਜੋ ਐਸੋਸਿਏਸ਼ਨ ਵਿਚ ਰਜਿਸਟਰ ਹੋਣ। ਮੈਂ ਤਾਂ ਇਹ ਸਲਾਹ ਦਿੰਦਾ ਹਾਂ ਕਿ ਰਜਿਸਟ ਕੀਤੀ ਗਈ ਅਸਲ ਕਦੇ ਵੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਹੋ ਸਕਦਾ ਹੈ ਤੁਸੀਂ ਕਹੋ ਕਿ ਅੱਜ ਕੱਲ੍ਹ ਕਿਸਦਾ ਭਰੋਸਾ ਕੀਤਾ ਜਾ ਸਕਦਾ ਹੈ, ਕੋਈ ਵੀ ਭਰੋਸੇਮੰਦ ਕਲਾਕਾਰ ਕਦੇ ਵੀ ਆਪਣੀ ‘ਕਲਾਕਾਰੀ’ ਦਿਖਾ ਸਕਦਾ ਹੈ, ਸੋ ਮੈਂ ਸਿਆਣਿਆਂ ਦੀ ਸਲਾਹ ਮੁਤਾਬਕ ਉਨ੍ਹਾਂ ਕਲਾਕਾਰਾਂ ਨੂੰ ਲਿਖਤਾਂ ਸਿਰਫ਼ ਈ-ਮੇਲ ਜਾਂ ਐਸ.ਐਮ.ਐਸ. ਰਾਹੀਂ ਭੇਜਦਾ ਹਾਂ, ਜਿਸ ਵਿਚ ਮੈਂ ਇਹ ਦੱਸਣਾ ਨਹੀਂ ਭੁੱਲਦਾ ਕਿ ਭੇਜੀ ਜਾ ਰਹੀ ਕਿਰਤ ਫ਼ਿਲਮ ਰਾਈਟਰਜ਼ ਐਸੋਸਿਏਸ਼ਨ ਕੋਲ ਰਜਿਸਟਰਡ ਹੈ ਅਤੇ ਇਨ੍ਹਾਂ ਸੁਨੇਹਿਆਂ ਦਾ ਪੂਰਾ ਰਿਕਾਰਡ ਆਪਣੀ ਡਾਇਰੀ ਵਿਚ ਤਰੀਕ ਅਤੇ ਵਕਤ ਸਮੇਤ ਨੋਟ ਕਰਦਾ ਹਾਂ। ਇਹ ਸਾਰੀਆਂ ਗੱਲਾਂ ਐਸੋਸਿਏਸ਼ਨ ਜਾਂ ਅਦਾਲਤ ਵਿਚ ਆਪਣਾ ਕੇਸ ਰੱਖਣ ਵੇਲੇ ਬੇਹੱਦ ਲਾਹੇਵੰਦ ਸਾਬਿਤ ਹੁੰਦੀਆਂ ਹਨ।

ਕਈ ਵਾਰ ਜ਼ਰੂਰੀ ਹੋਵੇ ਤਾਂ ਸੰਬੰਧਤ ਕਲਾਕਾਰ-ਨਿਰਮਾਤਾ-ਨਿਰਦੇਸ਼ਕ ਨਾਲ ਆਹਮੋ-ਸਾਹਮਣੇ ਮੁਲਾਕਾਤ ਵਿਚ ਜਦੋਂ ਕੋਈ ਕਿਰਤ ਉਸ ਨੂੰ ਦੇਣੀ ਪੈ ਜਾਵੇ ਤਾਂ ਮੈਂ ਉਸ ਤੋਂ ਉਸ ਦਾ ਨਿੱਜੀ ਈ-ਮੇਲ ਪਤਾ ਜ਼ਰੂਰ ਲੈ ਲੈਂਦਾ ਹਾਂ। ਫ਼ਿਰ ਘਰ ਪਹੁੰਚ ਕੇ ਰਚਨਾਵਾਂ ਪਸੰਦ ਕਰਨ ਦਾ ਧੰਨਵਾਦ ਕਰਦੇ ਹੋਏ ਉਸ ਨੂੰ ਰਚਨਾ ਦੀ ਇਕ ਕਾਪੀ ਈ-ਮੇਲ ਵਿਚ ਨੱਥੀ ਕਰਕੇ ਭੇਜ ਦਿੰਦਾ ਹਾਂ। ਇਸ ਗੱਲ ਦੀ ਜਾਣਕਾਰੀ ਦੇਣ ਲਈ ਉਸ ਨੂੰ ਐੱਸ. ਐੱਮ. ਐੱਸ ਵੀ ਕਰ ਦਿੰਦਾ ਹਾਂ। ਇਸ ਨਾਲ ਇਕ ਤਾਂ ਕੰਮ ਪੱਕਾ ਹੋ ਜਾਂਦਾ ਹੈ, ਦੂਜਾ ਜੇ ਕਿਤੇ ਦੂਜੇ ਬੰਦੇ ਤੋਂ ਤੁਹਾਡਾ ਦਿੱਤਾ ਕਾਗਜ਼ ਗੁਆਚ ਜਾਵੇ ਤਾਂ ਉਸ ਨੂੰ ਦੁਬਾਰਾ ਭੇਜਣ ਦੀ ਖੇਚਲ ਬਚ ਜਾਂਦੀ ਹੈ। ਜੇ ਬਹੁਤ ਲੋੜ ਮਹਿਸੂਸ ਹੋਵੇ ਤਾਂ ਅਜਿਹੀਆਂ ਕੁਝ ਜ਼ਰੂਰੀ ਮੁਲਾਕਾਤਾਂ ਦੀ ਰਿਕਾਰਡਿੰਗ ਆਪਣੇ ਫ਼ੋਨ ਵਿਚ ਕਰਨ ਤੋਂ ਵੀ ਗੁਰੇਜ ਨਹੀਂ ਕਰਦਾ। ਖ਼ਾਸ ਕਰ ਜਦੋਂ ਕਿਸੇ ਟੈਲੀਵਿਜ਼ਨ ਚੈਨਲ ਨਾਲ ਕਿਸੇ ਪ੍ਰੋਗਰਾਮ ਲਈ ਗੱਲਬਾਤ ਕਰਨ ਜਾਓ ਤਾਂ ਇਹ ਵਾਲਾ ਨੁਕਤਾ ਵਰਤ ਲੈਣਾ ਬੇਹੱਦ ਲਾਹੇਵੰਦ ਸਾਬਿਤ ਹੁੰਦਾ ਹੈ। ਮੈਂ ਕਿਸੇ ਦੀ ਇਮਾਨਦਾਰੀ ‘ਤੇ ਸ਼ੱਕ ਨਹੀਂ ਕਰਦਾ ਬੱਸ ਮੇਰੀ ਸੋਚ ਇਹ ਹੁੰਦੀ ਹੈ ਕਿ ਜਿਵੇਂ ਆਪਣੇ ਘਰ ਨੂੰ ਸੁਰਖਿੱਅਤ ਰੱਖਣ ਲਈ ਤਾਲਾ ਮੈਂ ਆਪ ਹੀ ਲਾਉਣਾ ਹੈ, ਉਸ ਤਰ੍ਹਾਂ ਆਪਣੀ ਕਿਰਤ ਦਾ ਖੇਤ ਬਚਾਉਣ ਲਈ ਅਜਿਹੀ ਕੰਢਿਆਲੀ ਵਾੜ ਮੈਂ ਆਪ ਹੀ ਲਾਉਣੀ ਹੈ। ਇਸ ਨਾਲ ਸਾਡੀ ਕਿਰਤ ਵੀ ਸਹੀ ਜਗ੍ਹਾ ‘ਤੇ ਪਹੁੰਚ ਜਾਂਦੀ ਹੈ, ਉਸ ਦੇ ਪਰਦੇ ਉੱਤੇ ਉਤਰਨ ਜਾਂ ਰਿਕਾਰਡ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਅਤੇ ਉਸ ਦੇ ਚੋਰੀ ਹੋਣ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਸੀਮਿਤ ਹੋ ਜਾਂਦਾ ਹੈ। ਵੈਸੇ ਸਿਆਣਿਆਂ ਨੇ ਇਹ ਵੀ ਕਿਹਾ ਹੈ ਕਿ ਤਾਲੇ ਸਾਧਾਂ ਲਈ ਹੁੰਦੇ ਨੇ, ਚੋਰਾਂ ਲਈ ਨਹੀਂ…ਸੋ, ਜਿਸ ਨੇ ਚੋਰੀ ਕਰਨੀ ਹੈ ਕਰ ਹੀ ਲੈਣੀ ਹੈ, ਫ਼ਿਰ ਉਸ ਨਾਲ ਨਜਿੱਠਣ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਜੇ ਸਾਡੇ ਪੈਰ ਪੱਕੇ ਹੋਣਗੇ ਤਾਂ ਫ਼ਿਰ ਨਤੀਜੇ ਸਾਡੇ ਹੱਕ ਵਿਚ ਆਉਣ ਦੀ ਸੰਭਾਵਨਾ ਵਧ ਜਾਵੇਗੀ। ਇਨ੍ਹਾਂ ਨੁਕਤਿਆਂ ਵਾਲੇ ਸ਼ੋਰਟ-ਕੱਟ ਨਾਲ ਕੋਈ ਵੀ ਕਲਮ ਦਾ ਧਨੀ ਲੇਖਕ ਮੀਡੀਆ ਦੇ ਖੇਤਰ ਵਿਚ ਜ਼ਰੂਰ ਸਫ਼ਲ ਹੋ ਸਕਦਾ ਹੈ।


Posted

in

, ,

by

Tags:

Comments

Leave a Reply

Your email address will not be published. Required fields are marked *