ਅੱਜ ਬੜੀ ਦੇਰ ਬਾਅਦ ਖ਼ਾਨਾਬਦੋਸ਼ੀ ‘ਤੇ ਆਇਆ ਹਾਂ। ਲੁਧਿਆਣਾ ਚੇਤੇ ਆ ਰਿਹੈ…ਤਿੰਨ ਸਾਲ ਹੋ ਗਏ ਦਿੱਲੀ ਆਏ। ਕਦੇ ਲੁਧਿਆਣੇ ਦੀ ਏਨੀ ਯਾਦ ਨਹੀਂ ਆਈ। ਅੱਜ ਪਤਾ ਨਹੀਂ ਕਿਉਂ ਪੰਜਾਬੀ ਭਵਨ ਦੇ ਖੁੱਲੇ ਵਿਹੜੇ ਵਿਚ ਬਿਤਾਏ ਪਲ ਚੇਤੇ ਆ ਰਹੇ ਨੇ ਤੇ ਉਸੇ ਵਿਹੜੇ ਵਿਚ ਮਿਲਣ ਵਾਲੇ ਯਾਰ ਪਿਆਰੇ ਵੀ ਚੇਤੇ ਆ ਰਹੇ ਨੇ। ਜਿਨ੍ਹਾਂ ਨੂੰ ਮੈਂ ਆਪਣੇ ਦੋਸਤ ਕਹਿ ਰਿਹਾ ਹਾਂ, ਇਹ ਸਾਰੇ ਹੀ ਉਮਰ ਤੇ ਤਜਰਬੇ ਵਿਚ ਮੇਰੇ ਤੋਂ ਕਈ ਸਾਲ ਵੱਡੇ ਨੇ ਤੇ ਇਹ ਵੀ ਨਹੀਂ ਜਾਣਦਾ ਕਿ ਉਹ ਮੈਨੂੰ ਆਪਣਾ ਦੋਸਤ ਮੰਨਦੇ ਨੇ ਜਾਂ ਹੋਰ ਕੁਝ, ਪਰ ਉਹ ਸਾਰੇ ਮੈਨੂੰ ਦੋਸਤ ਹੀ ਲੱਗਦੇ ਨੇ… ਕਿਉਂ ਕਿ ਇਨ੍ਹਾਂ ਨੇ ਬੜੀ ਵਾਰ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਮੈਨੂੰ ਝੱਲਿਆ, ਮੇਰੀਆਂ ਬੇ-ਸਿਰ ਪੈਰ ਦੀਆਂ ਗੱਲਾਂ ਅਤੇ ਬਹਿਸਾਂ ਵਿਚ ਘੰਟਿਆਬੱਧੀ ਆਪਣਾ ਸਿਰ ਅਤੇ ਵਕਤ ਖਪਾਇਆ ਤੇ ਮੇਰੀ ਪਿਆਸੀ ਰੂਹ ਨੂੰ ਆਪਣੇ ਤਜਰਬੇ, ਮੁਹੱਬਤ, ਆਪਣੱਤ ਦੇ ਸਾਗਰ ਦੀਆਂ ਅਥਾਹ ਬੂੰਦਾ ਨਾਲ ਸਰਸ਼ਾਰ ਕੀਤਾ। ਔਖੇ ਪੈਂਡਿਆਂ ‘ਤੇ ਤੁਰਨ ਲੱਗਿਆਂ ਖਬਰਦਾਰ ਵੀ ਕੀਤਾ ਤੇ ਉਤਸ਼ਾਹਤ ਵੀ…ਕਮੀਆਂ ਵੀ ਦੱਸੀਆਂ ਅਤੇ ਗੁਣ ਵੀ…ਉਨ੍ਹਾਂ ਸਭ ਨੂੰ ਯਾਦ ਕਰਦਿਆਂ ਬੱਸ ਇਹੀ ਕਹਿ ਸਕਦਾਂ…
ਗ਼ਜ਼ਲ
ਉਹ ਯਾਰ ਪੁਰਾਣੇ ਅੱਜ ਚੇਤੇ ਆਏ।
ਹਾਏ ਲੁਧਿਆਣਾ ਦਿੱਲੀ ਆ ਜਾਏ।
ਹੱਥ ‘ਪੰਛੀ’ ਦਾ ਸਿਰ ਤੇ ਫਿਰ ਜੇ
ਜਦ ਵੀ ਪੌਣ ਪੁਰੇ ਦੀ ਆਏ।
ਭਵਨ ਪੰਜਾਬੀ, ਮਹਿਫ਼ਲ ਲਗਦੀ
‘ਲੋਚੀ’ ਸੱਥ ਵਿਚ ਗ਼ਜ਼ਲ ਸੁਣਾਏ।
‘ਕੁਲਦੀਪਕ’ ਵੀ ਮਸਤੀ ਵਿਚ ਹੋਣੈ
ਯਾਦ ਕਰੋ, ਮਸਤੀ ਚੜ੍ਹ ਜਾਏ।
ਦਗਦਾ ਚਿਹਰਾ, ਯਾਰ ‘ਧਨੋਆ’
ਮੁੜ ਮੁੜ ਨਜ਼ਰਾਂ ਸਾਹਵੇਂ ਆਏ।
‘ਪ੍ਰੀਤ’ ਫਿਲੌਰ ਹੈ ਬੈਠਾ ਭਾਵੇਂ
ਹਾਸਾ ਉਸਦਾ ਰੂਹ ਮਹਿਕਾਏ।
‘ਗਿਲ’ ਦੇ ਗੀਤ ਵੀ ਯਾਦ ਆਵਣ
ਗੀਤਾਂ ਵਰਗਾ ਆ ਕੇ ਮਿਲ ਜਾਏ।
‘ਮਹਿਰਮ’ ਤਾਂ ਹੁਣ ਮਿਲਣੈ ਫਗਵਾੜੇ
ਗ਼ਜ਼ਲਾਂ ਦੇ ਨੁਕਤੇ ਸਮਝਾਏ।
‘ਜੱਜ’ ਦੀ ਰਮਜ਼ ਕਿਵੇਂ ਸਮਝਾਵਾਂ
ਆਪ ਰੁਕੇ ਨਾ ਗਜ਼ਲ ਮੁਕਾਏ।
ਅੱਜ ਤਾਂ ‘ਦੀਪ’ ਉਦਾਸ ਬੜਾ ਐ
ਯਾਰਾਂ ਬਿਨ ਉਹ ਕਿੰਝ ਮੁਸਕਾਏ।
Leave a Reply